Punjab Kushti / Wrestling
ਪਿੰਡ ਢੇਲਾ ਦਾ ਕੁਸ਼ਤੀ ਦੰਗਲ 29-august-2013 Balle Punjab

ਨੌਵੀ ਦੇ ਸੁਭ ਅਵਸਰ ਤੇ ਤੀਰਥ ਫਗਵਾੜਾ ਨੇ ਢੇਲਾ (ਹਿਮਾਚਲ ਪ੍ਰਦੇਸ਼) ਦੇ ਕੁਸ਼ਤੀ-ਦੰਗਲ ਤੇ ਜਮਾਈ ਆਪਣੀ ਧਾਕ
ਹਿਮਾਚਲ ਪ੍ਰਦੇਸ਼ ਦੇ ਪਿੰਡ ਢੇਲਾ ਜ਼ਿਲ੍ਹਾ ਸੋਲਨ ਵਿਖੇ ਨੋਵੀ ਦੇ ਦਿਹਾੜੇ ਤੇ 29 ਅਗਸਤ, 2013 ਨੂੰ ਇਕ ਵਿਸ਼ਾਲ ਕੁਸ਼ਤੀ-ਦੰਗਲ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਹ ਕੁਸ਼ਤੀ-ਦੰਗਲ ਪੁਰਾਣੇ ਸਮੇਂ ਤੋਂ ਹੀ ਢੇਲਾ ਦੇ ਨਗਰ ਨਿਵਾਸੀ ਕਰਵਾਉਂਦੇ ਆ ਰਹੇ ਹਨ। ਪ੍ਰਧਾਨ ਨਸੀਬ ਸਿੰਘ, ਸਾਬਕਾ ਪ੍ਰਧਾਨ ਆਗਿਆ ਰਾਮ, ਸ਼ਾਮ ਲਾਲ, ਰਾਮ ਗੋਪਾਲ ਸ਼ਰਮਾ (ਚੇਅਰਮੈਨ ਤਹਿਸੀਲ ਕਾਰਪੋਰੇਟ ਯੂਨੀਅਨ), ਦੇਸ ਰਾਜ (ਪਿੰਕੀ), ਦੇਸ ਰਾਜ, ਪ੍ਰੇਮ ਚੰਦ ਕੋਂਡੀ, ਰਜਿੰਦਰ ਢੇਲਾ, ਮਾ: ਲੱਜਾ ਰਾਮ, ਮੇਲਾ ਰਾਮ ਢੇਲਾ, ਰਾਮ ਸਰੂਪ ਕੋਂਡੀ, ਰਾਮ ਲਾਲ ਸ਼ਰਮਾ (ਢੇਲਾ), ਪੰਚ ਬਾਵਾ ਰਾਮ, ਪ੍ਰੇਮ ਚੰਦ, ਪੰਚਨੀ ਲਖਛਮੀ, ਪ੍ਰੇਮ ਚੰਦ ਕੋਂਡੀ, ਗੁਰਦਿਆਲ ਕੋਂਡੀ ਅਤੇ ਤਹਿਸੀਲਦਾਰ ਪ੍ਰੇਮ ਚੰਦ ਕੋਂਡੀ ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਵਿਚ ਬਹੁਤ ਹੀ ਪ੍ਰਚੱਲਤ ਅਖਾੜਿਆਂ ਨੇ ਹਿੱਸਾ ਲਿਆ। ਸਪੈਸ਼ਲ ਕੁਸ਼ਤੀਆਂ ਵਿਚ ਸੰਦੀਪ ਤਲਵੰਡੀ ਸਾਬੋ ਨੇ ਰੋਹਿਤ ਖੰਨਾ ਨੂੰ, ਗੋਰੀ ਕਾਈਨੌਰ ਨੇ ਮੁਹੰਮਦ ਚੰਡੀਗੜ੍ਹ ਨੂੰ, ਮਨਜੀਤ ਖੰਨਾ ਨੇ ਕਾਕਾ ਕਾਂਸਲ ਨੂੰ, ਕਾਲਾ ਚਮਕੌਰ ਸਾਹਿਬ ਨੇ ਅੰਮ੍ਰਿਤਪਾਲ ਖੰਨਾ ਨੂੰ ਚਿੱਤ ਕਰਕੇ ਕੁਸ਼ਤੀਆਂ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ। ਜਦਕਿ ਜਗਦੀਸ਼ ਆਲਮਗੀਰ ਅਤੇ ਬੂਟਾ ਮਾਨਸਾ ਮੰਡੀ, ਲਵਪ੍ਰੀਤ ਖੰਨਾ ਅਤੇ ਅੰਜੂ ਰੌਣੀ, ਜੱਸਾ ਲੀਲ੍ਹਾ ਅਤੇ ਬਲਜੀਤ ਪਟਿਆਲਾ, ਸੁੱਖਾ ਖੰਨਾ ਅਤੇ ਪੂਰਨ ਕਾਈਨੌਰ, ਜੀਤ ਲੀਲ੍ਹਾ ਅਤੇ ਲਵਲੀ ਚੰਡੀਗੜ੍ਹ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ।
ਤਿੰਨ ਨੰਬਰ ਦੀ ਝੰਡੀ ਦੀ ਪਹਿਲੀ ਕੁਸ਼ਤੀ ਅਜੇ ਖੰਨਾ ਅਤੇ ਅਮਿਤ ਚੰਡੀਗੜ੍ਹ ਵਿਚਕਾਰ ਕਰਵਾਈ ਗਈ ਇਹ ਕੁਸ਼ਤੀ ਬਰਾਬਰ ਹੀ ਰਹੀ। ਝੰਡੀ ਵਾਲੀ ਹਰੇਕ ਕੁਸ਼ਤੀ ਦਾ ਸਮਾਂ ਪੰਦਰ੍ਹਾਂ ਮਿੰਟ ਰੱਖਿਆ ਗਿਆ ਸੀ। ਤਿੰਨ ਨੰਬਰ ਦੀ ਦੂਜੀ ਝੰਡੀ ਦੀ ਕੁਸ਼ਤੀ ਜਤਿੰਦਰ ਪੱਥਰੇੜੀ ਜੱਟਾਂ ਅਤੇ ਮੇਜਰ ਲੀਲ੍ਹਾ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਚੌਦ੍ਹਵੇਂ ਮਿੰਟ ਵਿਚ ਹੀ ਜਤਿੰਦਰ ਪੱਥਰੇੜੀ ਜੱਟਾਂ ਨੇ ਜਿੱਤ ਲਈ ਅਤੇ ਤਿੰਨ ਨੰਬਰ ਦੀ ਦੂਜੀ ਝੰਡੀ ਦਾ ਹੱਕਦਾਰ ਬਣਿਆ। ਫਿਰ ਦੋ ਨੰਬਰ ਦੀ ਝੰਡੀ ਦੀ ਪਹਿਲੀ ਕੁਸ਼ਤੀ ਮਾਨੀ ਰੌਣੀ ਅਤੇ ਜਗਦੇਵ ਲੀਲ੍ਹਾ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਅੱਠਵੇਂ ਮਿੰਟ ਵਿਚ ਹੀ ਜਗਦੇਵ ਲੀਲ੍ਹਾ ਨੇ ਮਾਨੀ ਰੌਣੀ ਨੂੰ ਚਿੱਤ ਕਰਕੇ ਕੁਸ਼ਤੀ ਜਿੱਤ ਲਈ ਅਤੇ ਦੋ ਨੰਬਰ ਦੀ ਪਹਿਲੀ ਝੰਡੀ ਦਾ ਹੱਕਦਾਰ ਬਣਿਆ। ਉਸ ਤੋਂ ਬਾਅਦ ਦੋ ਨੰਬਰ ਦੀ ਦੂਜੀ ਝੰਡੀ ਦੀ ਕੁਸ਼ਤੀ ਗੋਲਡੀ ਆਲਮਗੀਰ ਅਤੇ ਲਾਲੀ ਕਾਈਨੌਰ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਬਰਾਬਰ ਹੀ ਰਹੀ।
ਫਿਰ ਇਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਤੀਰਥ ਫਗਵਾੜਾ ਅਤੇ ਆਲਮਗੀਰ ਅਖਾੜੇ ਦੇ ਪਹਿਲਵਾਨ ਸਤੀਸ਼ ਆਲਮਗੀਰ ਵਿਚਕਾਰ ਕਰਵਾਈ ਗਈ। ਪਹਿਲਾਂ ਤਾਂ ਇਹ ਕੁਸ਼ਤੀ ਬਹੁਤ ਹੀ ਵਧੀਆ ਚੱਲ ਰਹੀ ਸੀ। ਇਸ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ, ਪਰ ਅੱਠਵੇਂ ਮਿੰਟ ਵਿਚ ਤੀਰਥ ਫਗਵਾੜਾ ਨੇ ਦਾਅ ਮਾਰ ਕੇ ਕੁਸ਼ਤੀ ਜਿੱਤ ਲਈ ਅਤੇ ਢੇਲਾ ਦੇ ਇਸ ਕੁਸ਼ਤੀ-ਦੰਗਲ ਦੀ ਇਕ ਨੰਬਰ ਦੀ ਵੱਡੀ ਝੰਡੀ ਦਾ ਹੱਕਦਾਰ ਬਣਿਆ।
ਇਸ ਕੁਸ਼ਤੀ-ਦੰਗਲ ਦੀ ਕੁਮੈਂਟਰੀ ਜਿੱਥੇ ਪ੍ਰਸਿੱਧ ਕੁਮੈਂਟੇਟਰ ਕੁਲਵੀਰ ਕਾਈਨੌਰ ਨੇ ਕੀਤੀ, ਉੱਥੇ ਹੀ ਪਹਿਲਵਾਨ ਦੀਪਾ ਕਾਈਨੌਰ, ਬਾਲ ਕ੍ਰਿਸ਼ਨ ਖੇੜਾ ਅਤੇ ਜਗਦੀਸ਼ ਕੋਂਡੀ ਨੇ ਜੋੜੇ ਮਿਲਾਉਣ ਦੀ ਡਿਊਟੀ ਨਿਭਾਈ। ਸੰਤ ਅਤੇ ਜਸਵੀਰ ਨੇ ਰੈਫਰੀ ਦੀ ਡਿਊਟੀ ਨਿਭਾਈ। ਇਸ ਕੁਸ਼ਤੀ-ਦੰਗਲ ਨੂੰ ਨੇਪਰੇ ਚਾੜਨ ਲਈ ਜਿੱਥੇ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਰਿਹਾ ਉੱਥੇ ਹੀ ਲੋਕਲ ਫੈਕਟਰੀਆਂ ਦਾ ਵੀ ਖਾਸ ਸਹਿਯੋਗ ਰਿਹਾ। ਇਹ ਕੁਸ਼ਤੀ-ਦੰਗਲ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ, ਇਸ ਲਈ ਨਗਰ ਪੰਚਾਇਤ ਅਤੇ ਸਮ੍ਹੂਹ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ।