Punjab Kushti / Wrestling
Dhanas kabaddi cup report ਧਨਾਸ ਦੇ ਕਬੱਡੀ ਕੱਪ ਦੀ ਵਿਸ਼ੇਸ਼ ਰਿਪੋਰਟ Balle Punjab

ਖੇਡ ਲੇਖਕ ਜਸਵੰਤ ਸਿੰਘ ਖੜਗ ਦੀ ਵਿਸ਼ੇਸ਼ ਰਿਪੋਰਟ
ਧਨਾਸ ਦੇ 7ਵੇਂ ਕਬੱਡੀ ਮਹਾਂਕੁੰਭ ਵਿੱਚ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਕਬੱਡੀ ਅਕੈਡਮੀ ਜ਼ੀਰਕਪੁਰ (ਮੋਹਾਲੀ) ਦੀ ਟੀਮ ਨੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ।ਦੂਜੇ ਨੰਬਰ ਉੱਪਰ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਰਹੀ।
ਵਧੀਆ ਧਾਵੀ ਦਾ ਬੁਲਟ ਮੋਟਰਸਾਈਕਲ ਬੁੱਗਾ ਮਨਾਣਾ ਨੂੰ ਅਤੇ ਵਧੀਆ ਜਾਫੀ ਦਾ ਬੁਲਟ ਮੋਟਰਸਾਈਕਲ ਸੁਖਮਣ ਲਲਹੇੜੀ ਅਤੇ ਡਮਰੂ ਸਰਹਾਲ ਮੁੰਡੀ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ।
ਇਸ ਕਬੱਡੀ ਕੱਪ ਵਿੱਚ ਧਾਵੀਆਂ ਨੇ 487 ਕਬੱਡੀਆਂ ਪਾ ਕੇ 382 ਅੰਕ ਪ੍ਰਾਪਤ ਕੀਤੇ, ਜਾਫੀਆਂ ਨੇ 105 ਜੱਫੇ ਲਾਏ।
ਧਨਾਸ ਯੂਥ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਧਨਾਸ (ਯੂ. ਟੀ. ਚੰਡੀਗੜ੍ਹ) ਵੱਲੋਂ ਅਕਤੂਬਰ ਦੇ ਪਹਿਲੇ ਐਤਵਾਰ ਪਿੰਡ ਧਨਾਸ ਵਿਖੇ ਕਬੱਡੀ ਦਾ ਮਹਾਂਕੁੰਭ ਕਰਵਾਇਆ ਗਿਆ।ਕਲੱਬ ਦੇ ਪ੍ਰਧਾਨ ਕਰਮਾ ਧਨਾਸ (ਕਰਮਜੀਤ ਸਿੰਘ ਸੰਧੂ), ਵਾਈਸ ਪ੍ਰਧਾਨ ਲਖਵਿੰਦਰ ਸਿੰਘ ਸੰਧੂ, ਖਜ਼ਾਨਚੀ ਮਾਨ ਸਿੰਘ ਗਿੱਲ, ਸੈਕਟਰੀ ਗੁਰਵਿੰਦਰ ਸਿੰਘ ਸੰਧੂ ਅਤੇ ਚੇਅਰਮੈਨ ਤਲਵਿੰਦਰ ਸਿੰਘ ਧਾਂਦਲੀ ਨੇ ਇਸ ਸਾਲ ਕਬੱਡੀ ਕੋਚ ਦਵਿੰਦਰ ਸਿੰਘ ਚਮਕੌਰ ਸਾਹਿਬ ਦੀ ਸਰਪ੍ਰਸਤੀ ਹੇਠ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਨਾਰਥ ਇੰਡੀਆ ਦੀਆਂ ਅਕੈਡਮੀਆਂ ਦੇ ਮੈਚ ਕਰਵਾਏ।ਪਹਿਲੇ ਦਿਨ ਕਬੱਡੀ 70 ਕਿੱਲੋ ਦੀਆਂ ਟੀਮਾਂ ਦੇ ਮੈਚ ਕਰਵਾਏ ਗਏ।ਦੂਜੇ ਦਿਨ 1:00 ਵਜੇ ਦੇ ਲਗਭਗ ਕਬੱਡੀ ਅਕੈਡਮੀਆਂ ਦਾ ਪਹਿਲਾ ਮੈਚ ਦਸਮੇਸ਼ ਕਲੱਬ ਨਕੋਦਰ ਅਤੇ ਕੋਚ ਸੁੱਖੀ ਬਰਾੜ (ਭਾਗੀਕੇ) ਦੀ ਤਿਆਰ ਕੀਤੀ ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀਥਾਨ ਸਿੰਘ ਦੀਆਂ ਟੀਮਾਂ ਵਿਚਕਾਰ ਸ਼ੁਰੂ ਕਰਵਾਇਆ ਗਿਆ।ਕੋਚ ਜਿੰਦਰ ਖਾਨੋਵਾਲ ਦੀ ਤਿਆਰ ਕੀਤੀ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਇਹ ਮੈਚ ਦਸ ਅੰਕਾਂ ਦੇ ਫਰਕ ਨਾਲ ਭਾਵੇਂ ਜਿੱਤ ਲਿਆ। ਪਰ ਇਸ ਟੀਮ ਵਿੱਚ ਸਟਾਰ ਖਿਡਾਰੀਆਂ ਦੀ ਘਾਟ ਰੜਕਦੀ ਰਹੀ।ਦੂਜਾ ਮੈਚ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਅਤੇ ਬਾਬਾ ਅਜੀਤ ਸਿੰਘ-ਬਾਬਾ ਜੁਝਾਰ ਸਿੰਘ ਕਬੱਡੀ ਅਕੈਡਮੀ ਚਮਕੌਰ ਸਾਹਿਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ।ਕੋਚ ਦਵਿੰਦਰ ਸਿੰਘ ਚਮਕੌਰ ਸਾਹਿਬ ਦੀ ਤਿਆਰ ਕੀਤੀ ਟੀਮ ਵਿੱਚ ਖੇਡੇ ਨਵੇਂ ਖਿਡਾਰੀਆਂ ਨੇ ਭਾਵੇਂ ਵਧੀਆ ਪ੍ਰਦਰਸ਼ਨ ਕੀਤਾ, ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਇਹ ਮੈਚ ਦਸ ਅੰਕਾਂ ਦੇ ਫਰਕ ਨਾਲ ਕੋਚ ਬਾਊ ਔਲਖ ਦੀ ਟੀਮ ਨੇ ਜਿੱਤ ਲਿਆ।ਤੀਜਾ ਮੈਚ ਕੋਚ ਪੰਮਾ ਬਜਹੇੜੀ ਦੀ ਤਿਆਰ ਕੀਤੀ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਕਬੱਡੀ ਅਕੈਡਮੀ ਜ਼ੀਰਕਪੁਰ (ਮੋਹਾਲੀ) ਅਤੇ ਕੋਚ ਪ੍ਰੋ. ਗੋਪਾਲ ਸਿੰਘ ਦੀ ਤਿਆਰ ਕੀਤੀ ਡੀ. ਏ. ਵੀ. ਕਬੱਡੀ ਅਕੈਡਮੀ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਭਾਵੇਂ ਦੋਵੇਂ ਅਕੈਡਮੀਆਂ ਵਿੱਚ ਸਟਾਰ ਖਿਡਾਰੀ ਖੇਡੇ ਪਰ ਇਹ ਮੈਚ ਬਾਰ੍ਹਾਂ ਅੰਕਾਂ ਦੇ ਫਰਕ ਨਾਲ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਕਬੱਡੀ ਅਕੈਡਮੀ ਜ਼ੀਰਕਪੁਰ (ਮੋਹਾਲੀ) ਦੀ ਟੀਮ ਨੇ ਜਿੱਤ ਕੇ ਬੱਲੇ-ਬੱਲੇ ਕਰਵਾਈ।ਚੌਥਾ ਮੈਚ ਕੋਚ ਲਾਲੀ ਅੜੈਚਾਂ ਦੀ ਤਿਆਰ ਕੀਤੀ ਵੀ. ਸੀ. ਕਬੱਡੀ ਕਲੱਬ ਸਮਰਾਲਾ ਅਤੇ ਕੋਚ ਹਰਬੰਸ ਸਿੰਘ ਦੀ ਤਿਆਰ ਕੀਤੀ ਮਾਲਵਾ ਕਬੱਡੀ ਐਂਡ ਸਪੋਰਟਸ ਕਲੱਬ ਸਮਰਾਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਇਹ ਮੈਚ ਬਹੁਤ ਹੀ ਫਸਵਾਂ ਚੱਲਿਆ, ਜਿਸ ਵਿੱਚ ਦੋਵੇਂ ਪਾਸੇ ਦਸ-ਦਸ ਜੱਫੇ ਲੱਗੇ। ਪਰ ਪਹਿਲੀ ਡੇਢ ਵਾਲੀ ਕਬੱਡੀ ਮਾਲਵਾ ਕਬੱਡੀ ਐਂਡ ਸਪੋਰਟਸ ਕਲੱਬ ਸਮਰਾਲਾ ਦੇ ਹਿੱਸੇ ਆਈ ਇਸ ਲਈ ਸਿਰਫ ਅੱਧੇ ਅੰਕ ਦੇ ਫਰਕ ਨਾਲ ਮਾਲਵਾ ਕਬੱਡੀ ਐਂਡ ਸਪੋਰਟਸ ਕਲੱਬ ਸਮਰਾਲਾ ਦੀ ਟੀਮ ਨੇ ਮੈਚ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤੀ।
ਇਸ ਕਬੱਡੀ ਕੱਪ ਵਿੱਚ ਪਹੁੰਚੇ ਡੀ. ਐੱਸ. ਪੀ. ਭਗਵਾਨ ਦਾਸ, ਕਬੱਡੀ ਪ੍ਰਮੋਟਰ ਕਾਲਾ ਸਾਰੰਗਪੁਰ, ਪਾਲੀ ਧਨੌਰੀ, ਕਾਲਾ ਭੜੌਜੀਆਂ, ਕੇਵਲ ਸਿੰਘ ਘੋਲੂਮਾਜਰਾ ਅਤੇ ਕੰਮਾ ਜ਼ੀਰਕਪੁਰ ਵਰਗੇ ਕਬੱਡੀ ਪ੍ਰਮੋਟਰਾਂ ਦਾ ਕਲੱਬ ਵੱਲੋਂ ਜਿੱਥੇ ਵਿਸ਼ੇਸ਼ ਸਨਮਾਨ ਕੀਤਾ ਗਿਆ, ਉੱਥੇ ਚੰਡੀਗੜ੍ਹ ਇਲਾਕੇ ਵਿੱਚ ਖੇਡ ਮੇਲੇ ਸ਼ੁਰੂ ਕਰਵਾਉਣ ਵਾਲੇ ਕਬੱਡੀ ਪ੍ਰਮੋਟਰ ਤਰਨਜੀਤ ਘੋਲੂ ਬੱਲੋਮਾਜਰਾ ਦਾ ਕਲੱਬ ਵੱਲੋਂ ਬੈਂਡ ਬਾਜੇ ਨਾਲ ਖੇਡ ਮੈਦਾਨ ਵਿੱਚ ਚੱਕਰ ਲਗਵਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਪ੍ਰਬੰਧ ਬਹੁਤ ਵਧੀਆ ਕੀਤੇ ਹੋਏ ਸਨ ਕਿਉਂਕਿ ਜਦੋਂ ਵੀ ਕੋਈ ਮੁੱਖ ਮਹਿਮਾਨ ਆਉਂਦਾ ਤਾਂ ਉਸ ਨੂੰ ਬੈਂਡ ਬਾਜੇ ਨਾਲ ਅੰਦਰ ਲੈ ਕੇ ਆਉਂਦੇ ਸਨ।ਸਾਰੇ ਹੀ ਖਿਡਾਰੀਆਂ ਨੂੰ ਪਾਣੀ ਵੀ ਬੋਤਲਾਂ ਵਾਲਾ ਪਿਲਾਇਆ ਗਿਆ।
ਪਹਿਲਾ ਸੈਮੀਫਾਈਨਲ ਮੈਚ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਕਬੱਡੀ ਅਕੈਡਮੀ ਜ਼ੀਰਕਪੁਰ (ਮੋਹਾਲੀ) ਅਤੇ ਦਸਮੇਸ਼ ਕਬੱਡੀ ਕਲੱਬ ਨਕੋਦਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ ਇੱਕ ਤਰਫਾ ਹੀ ਰਿਹਾ। ਇਸ ਮੈਚ ਵਿੱਚ ਛੱਬੀ ਦੇ ਮੁਕਾਬਲੇ ਛਿਆਲੀ ਅੰਕ ਪ੍ਰਾਪਤ ਕਰਕੇ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਕਬੱਡੀ ਅਕੈਡਮੀ ਜ਼ੀਰਕਪੁਰ (ਮੋਹਾਲੀ) ਦੀ ਟੀਮ ਨੇ ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚਣ ਦਾ ਮਾਣ ਪ੍ਰਾਪਤ ਕੀਤਾ।
ਦੂਜਾ ਮੈਚ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਅਤੇ ਮਾਲਵਾ ਕਬੱਡੀ ਐਂਡ ਸਪੋਰਟਸ ਕਲੱਬ ਸਮਰਾਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਸਮਰਾਲਾ ਵੱਲੋਂ ਧਾਵੀ ਮਨਜੋਤ ਮਾਛੀਵਾੜਾ ਨੇ ਤੇਰ੍ਹਾਂ ਸ਼ਾਨਦਾਰ ਕਬੱਡੀਆਂ ਪਾ ਕੇ ਬਾਰ੍ਹਾਂ ਅੰਕ ਪ੍ਰਾਪਤ ਕੀਤੇ।ਜੇਕਰ ਜਾਫੀਆਂ ਦੀ ਗੱਲ ਕਰੀਏ ਤਾਂ ਸੋਨੂੰ ਉਟਾਲਾਂ ਨੇ ਚਾਰ ਜੱਫੇ, ਗੁਰਜੋਤ ਰਾਮਗੜ੍ਹ, ਕਿੰਦਾ ਕਕਰਾਲਾ ਨੇ ਦੋ-ਦੋ ਜੱਫੇ ਅਤੇ ਕਬੱਡੀ ਸਟਾਰ ਸਵ. ਭੀਮਾ ਸਹੇੜੀ ਦੇ ਲੜਕੇ ਲਵਲੀ ਸਹੇੜੀ ਨੇ ਵੀ ਇੱਕ ਜੱਫਾ ਲਾਇਆ।ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਇਹ ਮੈਚ ਬੱਤੀ ਦੇ ਮੁਕਾਬਲੇ ਛੱਤੀ ਅੰਕ ਪ੍ਰਾਪਤ ਕਰਕੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਕਬੱਡੀ 70 ਕਿੱਲੋ ਦਾ ਫਾਈਨਲ ਮੈਚ ਪਿੰਡ ਧਨਾਸ ਅਤੇ ਸਿਆੜ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ ਜਿਸ ਵਿੱਚ ਸਿਆੜ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ।
ਫਾਈਨਲ ਮੈਚ ਲਈ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਕਬੱਡੀ ਅਕੈਡਮੀ ਜ਼ੀਰਕਪੁਰ (ਮੋਹਾਲੀ) ਅਤੇ ਨਾਨਕਸਰ ਕਬੱਡੀ ਅਕੈਡਮੀ ਗੁਰਦਾਸਪੁਰ ਦੀਆਂ ਟੀਮਾਂ ਖੇਡ ਮੈਦਾਨ ਵਿੱਚ ਪਹੁੰਚੀਆਂ ਤਾਂ ਉਹਨਾਂ ਨਾਲ ਹਰਸੁਖਇੰਦਰ ਸਿੰਘ (ਬੱਬੀ ਬਾਦਲ) ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਯਾਦਵਿੰਦਰ ਸਿੰਘ ਯਾਦੂ ਪ੍ਰਧਾਨ ਦਿਹਾਤੀ ਏਰੀਆ ਲੁਧਿਆਣਾ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ, ਉਸ ਤੋਂ ਬਾਅਦ ਮੈਚ ਸ਼ੁਰੂ ਕਰਵਾਇਆ ਗਿਆ।ਮੈਚ ਦੀ ਪਹਿਲੀ ਕਬੱਡੀ ਜ਼ੀਰਕਪੁਰ (ਮੋਹਾਲੀ) ਵੱਲੋਂ ਕਬੱਡੀ ਸਟਾਰ ਬੁੱਗਾ ਮੁਨਾਣਾ ਨੇ ਪਾ ਕੇ ਟੀਮ ਲਈ ਡੇਢ ਅੰਕ ਪ੍ਰਾਪਤ ਕੀਤਾ।ਬੁੱਗੇ ਨੇ ਕੁੱਲ ਸੋਲ੍ਹਾਂ ਕਬੱਡੀਆਂ ਪਾ ਕੇ ਤੇਰ੍ਹਾਂ ਅੰਕ ਪ੍ਰਾਪਤ ਕੀਤੇ, ਉਸ ਨੂੰ ਗੁਰਦਾਸਪੁਰ ਟੀਮ ਦੇ ਜਾਫੀ ਮਾਝੂ ਔਲਖ ਨੇ 10ਵੀਂ ਕਬੱਡੀ ਉੱਪਰ, ਕਿੰਦਾ ਚੌੜੇ ਮੱਧਰੇ ਨੇ 11ਵੀਂ ਕਬੱਡੀ ਉੱਪਰ ਅਤੇ ਰਿੰਕੂ ਭੱਟੀਵਾਲ ਨੇ 13ਵੀਂ ਕਬੱਡੀ ਉੱਪਰ ਇੱਕ-ਇੱਕ ਜੱਫਾ ਲਾਇਆ।ਇਸ ਟੀਮ ਦੇ ਧਾਵੀ ਸ਼ੀਪਾ ਰਾਏਪੁਰ ਮਾਜਰੀ ਨੇ ਅੱਠ ਅਤੇ ਜੱਸਾ ਭਰਥਲਾ ਨੇ ਸੱਤ ਨਾਨ-ਸਟਾਪ ਕਬੱਡੀਆਂ ਪਾਈਆਂ।ਬੰਨੀ ਸਮਾਣਾ ਨੇ ਸਿਰਫ ਚਾਰ ਕਬੱਡੀਆਂ ਪਾਈਆਂ, ਉਸ ਦੀ ਪਹਿਲੀ ਅਤੇ ਦੂਜੀ ਕਬੱਡੀ ਉੱਪਰ ਕਿੰਦਾ ਚੌੜੇ ਮੱਧਰੇ ਅਤੇ ਰਿੰਕੂ ਭੱਟੀਵਾਲ ਨੇ ਇੱਕ-ਇੱਕ ਜੱਫਾ ਲਾਇਆ। ਦੂਜੇ ਪਾਸੇ ਗੁਰਦਾਸਪੁਰ ਵੱਲੋਂ ਜੋਧਾ ਘੱਸ ਨੇ ਚੌਦ੍ਹਾਂ ਸ਼ਾਨਦਾਰ ਕਬੱਡੀਆਂ ਪਾ ਕੇ ਗਿਆਰ੍ਹਾਂ ਅੰਕ ਪ੍ਰਾਪਤ ਕੀਤੇ, ਉਸ ਦਾ ਇੱਕ ਅੰਕ ਕਾਮਨ ਵੀ ਕੀਤਾ, ਕਿਉਂਕਿ ਉਸ ਨੇ ਲਗਾਤਾਰ ਦੋ ਕਬੱਡੀਆਂ ਪਾਈਆਂ ਸਨ।ਉਸ ਨੂੰ ਸੁਖਮਨ ਲਲਹੇੜੀ, ਡਮਰੂ ਸਰਹਾਲ ਮੁੰਡੀ ਅਤੇ ਮਨੀ ਧਨੌਰੀ ਨੇ ਇੱਕ-ਇੱਕ ਜੱਫਾ ਲਾਇਆ ਪਰ ਇਸ ਮਧਰੇ ਜਿਹੇ ਕੱਦ ਵਾਲੇ ਉਭੱਰਦੇ ਖਿਡਾਰੀ ਨੇ ਸਾਰਾ ਮੇਲਾ ਲੁੱਟ ਲਿਆ।ਵਿੱਕੀ ਰਾਵਾਂ ਧੱਕੜਾਂ ਨੇ ਤੇਰ੍ਹਾਂ ਸ਼ਾਨਦਾਰ ਕਬੱਡੀਆਂ ਪਾ ਕੇ ਦਸ ਅੰਕ ਪ੍ਰਾਪਤ ਕੀਤੇ, ਉਸ ਨੂੰ ਸੁਖਮਨ ਲਲਹੇੜੀ ਨੇ ਦੋ ਜੱਫੇ ਅਤੇ ਡਮਰੂ ਸਰਹਾਲ ਮੁੰਡੀ ਨੇ ਇੱਕ ਜੱਫਾ ਲਾਇਆ। ਸ਼ੰਕਰ ਸਿੱਧਵਾਂ ਨੇ ਪੰਜ ਕਬੱਡੀਆਂ ਪਾਈਆਂ, ਉਸ ਨੂੰ ਡਮਰੂ, ਸੁਖਮਨ ਅਤੇ ਮਨੀ ਧਨੌਰੀ ਨੇ ਇੱਕ-ਇੱਕ ਜੱਫਾ ਲਾਇਆ। ਹੀਰਾ ਦੇਵੀਦਾਸ ਦੀ ਇੱਕ ਕਬੱਡੀ ਨੂੰ ਡਮਰੂ ਸਰਹਾਲ ਮੁੰਡੀ ਨੇ ਜੱਫੇ ਵਿੱਚ ਬਦਲ ਦਿੱਤਾ।ਇਸ ਲਈ ਇਹ ਮੈਚ ਅਠਾਈ ਦੇ ਮੁਕਾਬਲੇ ਚਾਲੀ ਅੰਕ ਪ੍ਰਾਪਤ ਕਰਕੇ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਕਬੱਡੀ ਅਕੈਡਮੀ ਜ਼ੀਰਕਪੁਰ (ਮੋਹਾਲੀ) ਦੀ ਟੀਮ ਨੇ ਧਨਾਸ ਦੇ 7ਵੇਂ ਕਬੱਡੀ ਕੱਪ ਦੀ ਚੈਂਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ।ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਉੱਪ-ਜੇਤੂ ਰਹੀ।ਇਸ ਲਈ ਟੀਮ ਦੇ ਪ੍ਰਮੋਟਰ ਅਮਰੀਕ ਸਿੰਘ ਦੁਬਈ ਅਤੇ ਕੋਚ ਬਾਊ ਔਲਖ ਵਧਾਈ ਦੇ ਪਾਤਰ ਹਨ।ਜਿੱਥੇ ਨਾਨਕਸਰ ਟੀਮ ਦੇ ਪ੍ਰਮੋਟਰ ਅਮਰੀਕ ਸਿੰਘ ਦੁਬਈ ਨੇ ਆਪਣੀ ਟੀਮ ਦੇ ਹਰੇਕ ਖਿਡਾਰੀ ਉੱਪਰ ਨੋਟਾਂ ਦੀ ਵਰਖਾ ਕੀਤੀ, ਉੱਥੇ ਜ਼ੀਰਕਪੁਰ ਟੀਮ ਦੇ ਪ੍ਰਮੋਟਰ ਕੇਵਲ ਸਿੰਘ ਘੋਲੂਮਾਜਰਾ ਅਤੇ ਸਾਰੇ ਪ੍ਰਬੰਧਕਾਂ ਨੇ ਵੀ ਟੀਮ ਦੇ ਹਰੇਕ ਖਿਡਾਰੀ ਉੱਪਰ ਨੋਟਾਂ ਦੀ ਵਰਖਾ ਕੀਤੀ।ਪਰ ਜੇਕਰ ਧਨਾਸ ਯੂਥ ਸਪੋਰਟਸ ਕਲੱਬ ਦੇ ਮੁੱਖ ਅਹੁੱਦੇਦਾਰਾਂ ਦੀ ਗੱਲ ਕਰੀਏ, ਤਾਂ ਉਹਨਾਂ ਨੇ ਤਾਂ ਹਰੇਕ ਮੈਚ ਵਿੱਚ ਨੋਟਾਂ ਦੀ ਵਰਖਾ ਕੀਤੀ।ਕੱਪ ਦੀ ਚੈਂਪੀਅਨ ਬਣੀ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਕਬੱਡੀ ਅਕੈਡਮੀ ਜ਼ੀਰਕਪੁਰ (ਮੋਹਾਲੀ) ਦੇ ਧਾਵੀ ਬੁੱਗਾ ਮਨਾਣਾ ਨੇ ਸੋਲ੍ਹਾਂ ਕਬੱਡੀਆਂ ਪਾ ਕੇ ਸਾਢੇ ਤੇਰ੍ਹਾਂ ਅੰਕ ਪ੍ਰਾਪਤ ਕਰਕੇ ਵਧੀਆ ਧਾਵੀ ਬਣਨ ਦਾ ਮਾਣ ਪ੍ਰਾਪਤ ਕੀਤਾ।ਇਸ ਲਈ ਉਸ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸੇ ਟੀਮ ਦੇ ਜਾਫੀ ਸੁਖਮਨ ਲਲਹੇੜੀ ਅਤੇ ਡਮਰੂ ਸਰਹਾਲ ਮੁੰਡੀ ਨੇ ਚਾਰ-ਚਾਰ ਜੱਫੇ ਲਾਏ ਇਸ ਲਈ ਇਹਨਾਂ ਨੂੰ ਸਾਂਝੇ ਤੌਰ ‘ਤੇ ਵਧੀਆ ਜਾਫੀ ਚੁਣ ਕੇ ਇੱਕ ਬੁਲਟ ਮੋਟਸਾਈਕਲ ਦਿੱਤਾ ਗਿਆ।ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਕਬੱਡੀ ਅਕੈਡਮੀ ਜ਼ੀਰਕਪੁਰ (ਮੋਹਾਲੀ) ਦੀ ਟੀਮ ਜਿੱਥੇ ਚੈਂਪੀਅਨ ਬਣੀ, ਉੱਥੇ ਦੋਵੇਂ ਬੁਲਟ ਮੋਟਰਸਾਈਕਲ ਵੀ ਜਿੱਤ ਕੇ ਬੱਲੇ-ਬੱਲੇ ਕਰਵਾਈ।ਇਸ ਲਈ ਟੀਮ ਦੇ ਸਪਾਂਸਰ ਸ. ਗੁਰਦੀਪ ਸਿੰਘ ਪਰਾਗਪੁਰ (ਅਮਰੀਕਾ), ਕੇਵਲ ਸਿੰਘ ਘੋਲੂਮਾਜਰਾ, ਜੱਸੀ ਬੱਲੋਮਾਜਰਾ, ਕੁਲਦੀਪ ਸਿੰਘ ਚਿੱਲਾ, ਦਾਰਾ ਲੋਹਗੜ੍ਹ, ਗੋਲ਼ਾ ਕੁੰਬੜਾ, ਡਾਕਟਰ ਮੇਜਰ ਬਜਹੇੜੀ, ਦਿਆਲ ਚੌਧਰੀ ਅਤੇ ਕੋਚ ਪੰਮਾ ਬਜਹੇੜੀ ਵਧਾਈ ਦੇ ਪਾਤਰ ਹਨ ਜਿਹਨਾਂ ਦੀ ਟੀਮ ਨੇ ਸ਼ੀਜਨ ਦਾ ਪਹਿਲਾ ਕਬੱਡੀ ਕੱਪ ਜਿੱਤ ਕੇ ਵਧੀਆ ਸ਼ੁਰੂਆਤ ਕੀਤੀ।ਇਨਾਮਾਂ ਦੀ ਵੰਡ ਪਵਨ ਕੁਮਾਰ ਬਾਂਸਲ (ਰੇਲ ਮੰਤਰੀ ਭਾਰਤ ਸਰਕਾਰ) ਨੇ ਕੀਤੀ, ਜੇਤੂ ਰਹੀ ਟੀਮ ਨੂੰ ਇੱਕ ਲੱਖ ਰੁਪਏ ਅਤੇ ਉੱਪ-ਜੇਤੂ ਰਹੀ ਟੀਮ ਨੂੰ ਪੰਜੱਤਰ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਜਿੱਥੇ ਅੰਤਰਰਾਸ਼ਟਰੀ ਕੁਮੈਂਟੇਟਰ ਸੁਰਜੀਤ ਸਿੰਘ ਕਕਰਾਲੀ ਨੇ ਅਕੈਡਮੀਆਂ ਦੇ ਸਾਰੇ ਮੈਚਾਂ ਦੀ ਕਰਕੇ ਸਾਰਾ ਦਿਨ ਰੰਗ ਬੰਨ੍ਹਿਆ, ਉੱਥੇ 70 ਕਿੱਲੋ ਦੇ ਮੈਚਾਂ ਵਿੱਚ ਸਤਨਾਮ ਸਿੰਘ ਯੈਂਗੋ ਅਤੇ ਗੁਰਮਖ ਸਿੰਘ ਢੋਡੇਮਾਜਰਾ ਨੇ ਕੁਮੈਂਟਰੀ ਕੀਤੀ।70 ਕਿੱਲੋ ਦੇ ਮੈਚਾਂ ਦੀ ਰੈਫਰੀ ਸ.ਬਲਜੀਤ ਸਿੰਘ ਖਰੜ, ਬਲਜੀਤ ਸਿੰਘ ਰਤਨਗੜ੍ਹ ਅਤੇ ਪੰਮਾ ਬਜਹੇੜੀ ਨੇ ਕੀਤੀ।ਅਕੈਡਮੀਆਂ ਦੇ ਮੈਚਾਂ ਦੀ ਰੈਫਰੀ ਸੁੱਖੀ ਬਰਾੜ (ਭਾਗੀਕੇ), ਕੋਚ ਦਵਿੰਦਰ ਸਿੰਘ ਚਮਕੌਰ ਸਾਹਿਬ, ਕੋਚ ਲਾਲੀ ਅੜੈਚਾਂ, ਕੋਚ ਜਿੰਦਰ ਖਾਨੋਵਾਲ, ਕੋਚ ਬਾਊ ਔਲਖ, ਕੋਚ ਹਰਬੰਸ ਸਿੰਘ, ਪ੍ਰੋ. ਗੋਪਾਲ ਸਿੰਘ ਅਤੇ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਬਿੱਟੂ ਜਸਪਾਲ ਬਾਂਗਰ ਨੇ ਨਿਭਾਈ।ਅੰਤ ਵਿੱਚ ਕਲੱਬ ਦੇ ਮੁੱਖ ਅਹੁਦੇਦਾਰਾਂ ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਕੁੱਲ ਮਿਲਾ ਕੇ ਇਹ ਧਨਾਸ ਦਾ ਕਬੱਡੀ ਕੱਪ ਸਫਲਤਾ ਦੇ ਝੰਡੇ ਗੱਡਦਾ ਹੋਇਆ ਸਮਾਪਤ ਹੋਇਆ, ਇਸ ਲਈ ਸਾਰੀ ਹੀ ਪ੍ਰਬੰਧਕੀ ਕਮੇਟੀ ਵਧਾਈ ਦੀ ਪਾਤਰ ਹੈ। ਅੰਤ ਵਿੱਚ ਕਲੱਬ ਦੇ ਪ੍ਰਧਾਨ ਕਰਮਾ ਧਨਾਸ ਨੇ ਖੇਡ ਮੇਲੇ ਵਿੱਚ ਪਹੁੰਚੇ ਦਰਸ਼ਕਾਂ, ਖਿਡਾਰੀਆਂ, ਕੋਚਾਂ, ਰੈਫਰੀਆਂ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕੀਤਾ।