Punjab Kushti / Wrestling
2 ਸਤੰਬਰ 2013 ਸ਼ਹਿਵਾਜਪੁਰ ਦਾ ਕੁਸ਼ਤੀ ਦੰਗਲ Shehwajpur da Kushti Dangal Balle Punjab

ਸ਼ਹਿਵਾਜਪੁਰ (ਨਵਾਂਸ਼ਹਿਰ) ਦੇ ਦੂਜੇ ਕੁਸ਼ਤੀ-ਦੰਗਲ ‘ਤੇ ਪਰਮਿੰਦਰ ਡੂਮਛੇੜੀ ਅਤੇ ਸੋਨੂੰ ਦਿੱਲੀ ਬਣੇ ਬਰਾਬਰ ਦੇ ਹੱਕਦਾਰ
ਧੰਨ-ਧੰਨ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿਚ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਸ਼ਹਿਵਾਜਪੁਰ ਨੇੜੇ ਰਾਹੋਂ ਵਿਖੇ ਦੂਜਾ ਕੁਸ਼ਤੀ-ਦੰਗਲ 2 ਸਤੰਬਰ, 2013 ਨੂੰ ਨਗਰ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਗੁੱਗਾ ਜਾਹਰ ਪੀਰ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸੇਵਾਦਾਰ ਗੱਦੀ ਨਸੀਨ ਭਗਤ ਦਰਸ਼ਨ ਰਾਮ ਜੀ, ਪ੍ਰਧਾਨ ਸ. ਬ੍ਰਹਮ ਸਿੰਘ ਧਾਲੀਵਾਲ, ਮੀਤ-ਪ੍ਰਧਾਨ ਸ. ਕਸ਼ਮੀਰ ਸਿੰਘ ਰਾਏ, ਸਰਪ੍ਰਸਤ ਸ. ਦਰਸ਼ਨ ਸਿੰਘ ਖਟਕੜ, ਸੀਨੀਅਰ ਖਜ਼ਾਨਚੀ ਸ. ਜੋਗਾ ਸਿੰਘ ਭੱਟੀ, ਜੂਨੀਅਰ ਖਜ਼ਾਨਚੀ ਸ. ਮਨਜੀਤ ਸਿੰਘ ਰਾਏ, ਸਰਪੰਚ ਡਾ. ਮੇਜਰ ਰਾਮ, ਪੰਚ ਸ. ਦਿਲਾਵਰ ਸਿੰਘ, ਸ. ਹਰਪ੍ਰੀਤ ਸਿੰਘ ਰਾਏ, ਸ. ਅਵਤਾਰ ਸਿੰਘ ਰਾਏ, ਸ. ਮੱਖਣ ਸਿੰਘ ਅਤੇ ਸ. ਚਰਨ ਸਿੰਘ ਸਿੱਧੂ ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਵਿਚ ਮਲਕੀਤ ਬਲਾਚੌਰ ਨੇ ਸੋਨੀ ਚੋਹੜਾ ਨੂੰ, ਲਾਡੀ ਜਾਡਲਾ ਨੇ ਕੁਲਵੰਤ ਨਵਾਂਸ਼ਹਿਰ ਨੂੰ, ਜੁਝਾਰ ਮਾਣੇ ਮਾਜਰਾ ਨੇ ਸੁਰਿੰਦਰ ਖੰਨਾ ਨੂੰ, ਜੱਸੀ ਕਾਈਨੌਰ ਨੇ ਜਿੰਦਰ ਰਾਏਪੁਰ ਡੱਬਾ ਨੂੰ, ਰਵਿੰਦਰ ਜਾਡਲਾ ਨੇ ਕਰਨ ਜਲੰਧਰ ਨੂੰ ਅਤੇ ਗੁਰਭੇਜ ਚੌਂਤਾ ਨੇ ਮੋਨੂੰ ਕਾਈਨੌਰ ਨੂੰ ਚਿੱਤ ਕਰਕੇ ਕੁਸ਼ਤੀਆਂ ਜਿੱਤਣ ਵਿਚ ਕਾਮਯਾਬ ਰਹੇ। ਜਦਕਿ ਬੱਗਾ ਬਲਾਚੌਰ ਅਤੇ ਹਰਨੇਕ ਚੌਂਤਾ, ਕੁਲਵੀਰ ਬਾਹੜੋਵਾਲ ਅਤੇ ਤੀਰਥ ਲੱਲੀਆਂ, ਦੀਪਕ ਭੁੱਟਾ ਅਤੇ ਅਮਨਦੀਪ ਮਾਣੇ ਮਾਜਰਾ, ਸ਼ੇਰ ਸਿੰਘ ਖੰਨਾ ਅਤੇ ਨਵੀਨ ਭੁੱਟਾ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਸਪੈਸ਼ਲ ਕੁਸ਼ਤੀਆਂ ਵਿੱਚ ਨਮਾਜ ਅਲੀ ਕਾਈਨੌਰ ਨੇ ਸੁੱਖ ਲੱਲੀਆਂ ਨੂੰ, ਕਾਕਾ ਡੂਮਛੇੜੀ ਨੇ ਸੁਰਿੰਦਰ ਚੌਂਤਾ ਨੂੰ ਚਿੱਤ ਕਰਕੇ ਕੁਸ਼ਤੀ ਜਿੱਤ ਲਈ। ਗੁਰਵਿੰਦਰ ਮਾਛੀਵਾੜਾ ਸਾਹਿਬ ਅਤੇ ਪੂਰਨ ਕਾਈਨੌਰ, ਵਰਿੰਦਰ ਰਾਏਪੁਰ ਡੱਬਾ ਅਤੇ ਸਾਹਿਬ ਕਾਈਨੌਰ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਗਿਆਰ੍ਹਾਂ ਹਜ਼ਾਰ ਰੁਪਏ ਦੀ ਸਪੈਸ਼ਲ ਕੁਸ਼ਤੀ ਲਾਲੀ ਕਾਈਨੌਰ ਅਤੇ ਮੰਨਾ ਬਾਹੜੋਵਾਲ ਵਿਚਕਾਰ ਕਰਵਾਈ ਗਈ ਸੀ, ਪਰ ਇਹ ਕੁਸ਼ਤੀ ਬਰਾਬਰ ਹੀ ਰਹੀ।
ਝੰਡੀ ਵਾਲੀਆਂ ਕੁਸ਼ਤੀਆਂ ਵਿੱਚੋਂ ਪੰਜ ਨੰਬਰ ਦੀ ਝੰਡੀ ਲਈ ਦੀਪਾ ਦਿਲਾਵਰਪੁਰ ਅਤੇ ਸੋਢੀ ਰਾਏਪੁਰ ਡੱਬਾ ਵਿਚਕਾਰ ਕੁਸ਼ਤੀ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ ਪਰ ਇਹ ਕੁਸ਼ਤੀ ਬਰਾਬਰ ਹੀ ਰਹੀ। ਫਿਰ ਚਾਰ ਨੰਬਰ ਦੀ ਝੰਡੀ ਲਈ ਪਹਿਲਵਾਨ ਕੇਸੀ ਸਰਪੰਚ ਚੌਂਤਾ ਦੇ ਸ਼ਗਿਰਦ ਸਨੀ ਚੌਂਤਾ ਅਤੇ ਮਲਕਪੁਰ ਅਖਾੜਾ ਦੇ ਪਹਿਲਵਾਨ ਜੱਜ ਮਲਕਪੁਰ ਵਿਚਕਾਰ ਕੁਸ਼ਤੀ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀ ਵੀਹ ਮਿੰਟ ਰੱਖਿਆ ਗਿਆ ਸੀ। ਪਰ ਇਹ ਕੁਸ਼ਤੀ ਥੋੜ੍ਹੇ ਹੀ ਮਿੰਟਾਂ ਵਿਚ ਸਨੀ ਚੌਂਤਾ ਨੇ ਜਿੱਤ ਲਈ ਅਤੇ ਚਾਰ ਨੰਬਰ ਦੀ ਝੰਡੀ ਦਾ ਹੱਕਦਾਰ ਬਣਿਆ। ਉਸ ਤੋਂ ਬਾਅਦ ਤਿੰਨ ਨੰਬਰ ਦੀ ਝੰਡੀ ਦੀ ਕੁਸ਼ਤੀ ਜਿਹੜੀ ਕਿ ਰੋਹਾਨ ਡੂਮਛੇੜੀ ਅਤੇ ਵਿਕਾਸ ਖੰਨਾ ਵਿਚਕਾਰ ਕਰਵਾਈ ਪਰ ਇਹ ਕੁਸ਼ਤੀ ਬਰਾਬਰ ਹੀ ਰਹੀ। ਫਿਰ ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਬਿੰਦਾ ਲੱਲੀਆਂ ਅਤੇ ਕੁਲਵਿੰਦਰ ਭੁੱਟਾ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀ ਵੀਹ ਮਿੰਟ ਰੱਖਿਆ ਗਿਆ ਸੀ। ਪਰ ਇਹ ਕੁਸ਼ਤੀ ਸਤਾਰ੍ਹਵੇਂ ਮਿੰਟ ਵਿਚ ਹੀ ਬਿੰਦਾ ਲੱਲੀਆਂ ਨੇ ਜਿੱਤ ਲਈ ਅਤੇ ਦੋ ਨੰਬਰ ਦੀ ਝੰਡੀ ਦਾ ਹੱਕਦਾਰ ਬਣਿਆ। ਉਸ ਤੋਂ ਬਾਅਦ ਇੱਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਰੁਸਤਮ-ਏ-ਹਿੰਦ ਪਹਿਲਵਾਨ ਪਰਮਿੰਦਰ ਡੂਮਛੇੜੀ ਅਤੇ ਸੋਨੂੰ ਦਿੱਲੀ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਤੀਹ ਮਿੰਟ ਰੱਖਿਆ ਗਿਆ ਸੀ। ਪਰ ਇਹ ਕੁਸ਼ਤੀ ਤੀਹ ਮਿੰਟ ਤੱਕ ਬਰਾਬਰ ਚੱਲਦੀ ਰਹੀ ਫਿਰ ਕਮੇਟੀ ਨੇ ਫੈਸਲਾ ਕੀਤਾ ਕਿ ਪੰਜ ਮਿੰਟ ਹੋਰ ਕੁਸ਼ਤੀ ਕਰਵਾਈ ਜਾਵੇ ਪਰ ਫਿਰ ਵੀ ਇਹ ਕੁਸ਼ਤੀ ਬਰਾਬਰ ਹੀ ਰਹੀ ਕਿਉਂਕਿ ਦੋਨੋਂ ਹੀ ਚੋਟੀ ਦੇ ਪਹਿਲਵਾਨ ਹਨ। ਇਸ ਕੁਸ਼ਤੀ-ਦੰਗਲ ਵਿਚ ਜਿੱਥੇ ਕੁਲਵੀਰ ਕਾਈਨੌਰ ਨੇ ਕੁਮੈਂਟਰੀ ਦੀ ਡਿਊਟੀ ਨਿਭਾਈ, ਉੱਥੇ ਹੀ ਪਹਿਲਵਾਨ ਦੀਪਾ ਕਾਈਨੌਰ ਅਤੇ ਪ੍ਰਦੀਪ ਕੁਮਾਰ ਨੇ ਜੋੜੇ ਮਿਲਾਏ ਅਤੇ ਪਹਿਲਵਾਨ ਬਹਾਦਰ ਚੌਂਤਾ, ਮਨਜੀਤ ਸਿੰਘ ਭੱਟੀ ਅਤੇ ਨਿਰੰਜਣ ਸਿੰਘ ਚਾਸਲ ਨੇ ਰੈਫਰੀ ਦੀ ਡਿਊਟੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ।
ਅੰਤ ਵਿੱਚ ਕਲੱਬ ਦੇ ਪ੍ਰਧਾਨ ਅਤੇ ਨਗਰ ਪੰਚਾਇਤ ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਹ ਸ਼ਹਿਵਾਜਪੁਰ ਦਾ ਦੂਜਾ ਕੁਸ਼ਤੀ-ਦੰਗਲ ਸਮੇਂ ਸਿਰ ਆਪਣੀਆਂ ਵਿਲੱਖਣ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ, ਇਸ ਲਈ ਸਾਰੀ ਹੀ ਨਗਰ ਪੰਚਾਇਤ, ਦੰਗਲ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ।