Punjab Kushti / Wrestling
9-september-2013 ਢੋਲਨਵਾਲ (ਲੁਧਿਆਣਾ) ਦਾ ਕੁਸ਼ਤੀ ਦੰਗਲ Dholan wal da kushti dangal Balle Punjab

ਢੋਲਣਵਾਲ ਅਤੇ ਗੋਪਾਲਪੁਰ ਦੇ ਪੰਜਵੇਂ ਕੁਸ਼ਤੀ-ਦੰਗਲ ‘ਤੇ ਜਗਰੂਪ ਕੋਹਾਲੀ ਅਤੇ ਘੁੱਦੂ ਖੰਨਾ ਪਲਾਟੀਨਾ ਮੋਟਰਸਾਈਕਲ ਦੇ ਬਣੇ ਬਰਾਬਰ ਦੇ ਹੱਕਦਾਰ ਪਰ ਜੱਸਾ ਪੱਟੀ ਨੇ ਜਿੱਤ ਕੇ ਕਰਵਾਈ ਬੱਲੇ-ਬੱਲੇ।
ਸ੍ਰੀ ਜਾਹਿਰ ਵੀਰ ਗੁੱਗਾ ਜੀ ਦਰਬਾਰ, ਸਮੂਹ ਇਲਾਕਾ ਨਿਵਾਸੀ ਢੋਲਣਵਾਲ ਅਤੇ ਗੋਪਾਲਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਢੋਲਣਵਾਲ ਵਿਖੇ 09 ਸਤੰਬਰ, 2013 ਨੂੰ ਪੰਜਵਾਂ ਵਿਸ਼ਾਲ ਕੁਸ਼ਤੀ-ਦੰਗਲ ਕਰਵਾਇਆ ਗਿਆ। ਸ. ਰਛਪਾਲ ਸਿੰਘ ਮਾਨ, ਸ. ਗਿਆਨ ਸਿੰਘ ਮੰਡ, ਅਮਨ ਮਿਆਣੀ, ਇੰਦਰ ਚੌਂਤਾ, ਰੌਕੀ ਚੌਂਤਾ, ਅਮੋਲਕ ਮਿਆਣੀ, ਸ. ਜਗਤਾਰ ਸਿੰਘ ਮੰਡ, ਸ. ਰਜਿੰਦਰ ਸਿੰਘ ਬੋੜੇ, ਸ. ਮੇਵਾ ਸਿੰਘ ਝੂੰਗੀਆਂ, ਸ. ਬੈਨ ਸਿੰਘ ਢੋਲਣਵਾਲ, ਸ. ਨਛੱਤਰ ਸਿੰਘ (ਬਲਾਕ ਸੰਮਤੀ ਮੈਂਬਰ), ਪਟਵਾਰੀ ਸ. ਦਾਰਾ ਸਿੰਘ ਚੌਂਤਾ, ਸ. ਜਸਵੀਰ ਸਿੰਘ ਹੁੰਦਲ, ਸ. ਪ੍ਰਦੂਮਣ ਸਿੰਘ ਹੁੰਦਲ, ਸ. ਰਾਣਾ ਸਿੰਘ ਝੂੰਗੀਆਂ ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਵਿਚ ਸਪੈਸ਼ਲ਼ ਕੁਸ਼ਤੀਆਂ ‘ਚੋਂ ਸਾਹਿਬ ਕਾਈਨੌਰ ਨੇ ਮਿੱਠੂ ਚੋਹੜਾ ਨੂੰ, ਹਰਨੇਕ ਚੌਂਤਾ ਨੇ ਜੱਸੀ ਕਾਈਨੌਰ ਨੂੰ, ਜੱਜ ਗਰਚਾ ਨੇ ਰਫੀ ਬਲਾਚੌਰ ਨੂੰ, ਸੋਨੂੰ ਕਾਈਨੌਰ ਨੇ ਹੈਪੀ ਰੌਣੀ ਨੂੰ, ਜਿੰਦੀ ਕਾਈਨੌਰ ਨੇ ਹਰਜੀਤ ਬਾਹੜੋਵਾਲ ਨੂੰ, ਦੀਪਾ ਚੋੜਾ ਨੇ ਸੂਰਜ ਕਾਈਨੌਰ ਨੂੰ, ਦੀਪਾ ਚੌਂਤਾ ਨੇ ਸੋਹਣ ਚਮਕੌਰ ਸਾਹਿਬ ਨੂੰ, ਗੌਰੀ ਮਾਛੀਵਾੜਾ ਸਾਹਿਬ ਨੇ ਮਲਕੀਤ ਬਲਾਚੌਰ ਨੂੰ, ਹਰਵਿੰਦਰ ਮਾਛੀਵਾੜਾ ਸਾਹਿਬ ਨੇ ਗੁਰਵਿੰਦਰ ਮੋਰੇ ਨੂੰ, ਪਰਮਿੰਦਰ ਮਾਛੀਵਾੜਾ ਸਾਹਿਬ ਨੇ ਜੀਤ ਕਾਈਨੌਰਨੂੰ ਚਿੱਤ ਕਰਕੇ ਸਪੈਸ਼ਲ ਕੁਸ਼ਤੀਆਂ ਵਿਚ ਜਿੱਤ ਪ੍ਰਾਪਤ ਕੀਤੀ। ਪਰ ਲੱਡੂ ਗਰਚਾ ਅਤੇ ਜਗਦੇਵ ਖੱਟੜਾ, ਭੋਲੂ ਚੌਂਤਾ ਅਤੇ ਵਿੱਕੀ ਕਾਈਨੌਰ, ਸੁੱਖ ਚੌਂਤਾ ਅਤੇ ਪੱਪੂ ਲਾਡਪੁਰ ਢੱਕੀ, ਸੀਪਾ ਖੱਟੜਾ ਅਤੇ ਕਮਲ ਖਮਾਣੋਂ, ਗੁਰਭੇਜ ਚੌਂਤਾ ਅਤੇ ਸੰਤ ਡੂਮਛੇੜੀ, ਵਿਚਕਾਰ ਸਪੈਸ਼ਲ ਕੁਸ਼ਤੀਆਂ ਬਰਾਬਰ ਰਹੀਆਂ। ਹੋਰ ਸਪੈਸ਼ਲ ਕੁਸ਼ਤੀ ਪਿੰਡ ਦਾ ਪਹਿਲਵਾਨ ਅਤੇ ਪਹਿਲਵਾਨ ਕੇਸ਼ੀ ਸਰਪੰਚ ਚੌਂਤਾ ਦਾ ਸਗਿਰਦ ਸਨੀ ਚੌਂਤਾ (ਢੋਲਣਵਾਲ) ਅਤੇ ਬੱਗਾ ਜਾਡਲਾ ਵਿਚਕਾਰ ਕੁਸ਼ਤੀ ਕਰਵਾਈ ਗਈ। ਇਹ ਕੁਸ਼ਤੀ ਸਨੀ ਚੌਂਤਾ ਨੇ ਜਿੱਤ ਕੇ ਬੱਲੇ-ਬੱਲੇ ਕਰਵਾਈ। ਸੁਰਿੰਦਰ ਚੌਂਤਾ ਨੇ ਵੀ ਨਵੇਂ ਪਹਿਲਵਾਨ ਨੂੰ ਚਿੱਤ ਕਰਕੇ ਬੱਲੇ-ਬੱਲੇ ਕਰਵਾਈ।
ਤਿੰਨ ਨੰਬਰ ਦੀ ਝੰਡੀ ਦੀ ਕੁਸ਼ਤੀ ਪਹਿਲਵਾਨ ਦੀਪਾ ਕਾਈਨੌਰ ਦੇ ਅਖਾੜੇ ਦਾ ਪਹਿਲਵਾਨ ਅਤੇ ਚੌਂਤਾਂ ਨਗਰ ਦਾ ਜੰਮਪਲ ਲਾਲੀ ਕਾਈਨੌਰ ਅਤੇ ਪਹਿਲਵਾਨ ਪਦਾਰਥ ਦੇ ਅਖਾੜੇ ਦਾ ਪਹਿਲਵਾਨ ਹਰਵਿੰਦਰ ਕੋਹਾਲੀ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਪੰਦਰ੍ਹਾਂ ਮਿੰਟ ਰੱਖਿਆ ਗਿਆ ਸੀ। ਇਹ ਕੁਸ਼ਤੀ ਬਰਾਬਰ ਹੀ ਰਹੀ। ਫਿਰ ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਪਹਿਲਵਾਨ ਸਲਵਿੰਦਰ ਸਿੰਘ ਛਿੰਦਾ ਦੇ ਸਪੁੱਤਰ ਜੱਸਾ ਪੱਟੀ ਅਤੇ ਮੁਸ਼ਕਾਬਾਦ ਅਖਾੜੇ ਦਾ ਪਹਿਲਵਾਨ ਰਾਜੂ ਮੁਸ਼ਕਾਬਾਦ ਵਿਚਕਾਰ ਕੁਸ਼ਤੀ ਕਰਵਾਈ ਗਈ ਇਸ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ, ਪਰ ਇਹ ਕੁਸ਼ਤੀ ਸੋਲ੍ਹਵੇਂ ਮਿੰਟ ਵਿਚ ਹੀ ਜੱਸਾ ਪੱਟੀ ਨੇ ਜਿੱਤ ਕੇ ਬੱਲੇ-ਬੱਲੇ ਕਰਵਾਈ। ਫਿਰ ਇਸ ਕੁਸ਼ਤੀ-ਦੰਗਲ ਵਿਚ ਪਹੁੰਚੇ ਸੰਤ ਬਾਬਾ ਆਤਮਾ ਨੰਦ ਪੁਰੀ ਜੀ (ਡੇਰਾ ਬਾਬਾ ਗੁਸਾਂਈਆਣਾ ਜੀ ਮਹਾਰਾਜ, ਪੰਸ਼ਰਾ, ਹੁਸ਼ਿਆਰਪੁਰ) ਵਾਲਿਆਂ ਨੇ ਇਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਵਾਲੇ ਪਹਿਲਵਾਨ ਪਦਾਰਥ ਦੇ ਅਖਾੜੇ ਦਾ ਪਹਿਲਵਾਨ ਜਗਰੂਪ ਕੋਹਾਲੀ ਅਤੇ ਖੰਨਾ ਅਖਾੜੇ ਦਾ ਪਹਿਲਵਾਨ ਗੁਰਸੇਵਕ ਸਿੰਘ ਘੁੱਦੂ ਖੰਨਾ ਨੂੰ ਆਸ਼ੀਰਵਾਦ ਦੇ ਕੇ ਕੁਸ਼ਤੀ ਸ਼ੁਰੂ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਪੱਚੀ ਮਿੰਟ ਰੱਖਿਆ ਗਿਆ ਸੀ। ਪਰ ਇਹ ਕੁਸ਼ਤੀ ਪੱਚੀ ਮਿੰਟ ਤੱਕ ਬਰਾਬਰ ਹੀ ਰਹੀ ਫਿਰ ਕਮੇਟੀ ਨੇ ਫੈਸਲਾ ਕੀਤਾ ਅਤੇ ਦੋ ਮਿੰਟ ਹੋਰ ਸਮਾਂ ਦਿੱਤਾ ਗਿਆ। ਪਰ ਫਿਰ ਵੀ ਇਹ ਕੁਸ਼ਤੀ ਬਰਾਬਰ ਹੀ ਰਹੀ। ਕਿਉਕਿ ਦੋਨੋਂ ਹੀ ਪਹਿਲਵਾਨ ਉੱਚ-ਕੋਟੀ ਦੇ ਪਹਿਲਵਾਨ ਹਨ। ਫਿਰ ਝੰਡੀ ਵਾਲੀ ਕੁਸ਼ਤੀ ਦਾ ਇਨਾਮ ਪਲਾਟੀਨਾ ਮੋਟਰਸਾਈਕਲ ਦੋਨੋਂ ਪਹਿਲਵਾਨਾਂ ਵਿਚ ਬਰਾਬਰ ਵੰਡ ਦਿੱਤਾ।
ਪਹਿਲਵਾਨ ਦੀਪਾ ਕਾਈਨੌਰ, ਬੰਟੂ ਚੌਂਤਾ ਅਤੇ ਧਰਮਿੰਦਰ ਕਾਈਨੌਰ ਨੇ ਜਿੱਥੇ ਜੋੜੇ ਮਿਲਾਉਣ ਦੀ ਡਿਊਟੀ ਨਿਭਾਈ, ਉੱਥੇ ਹੀ ਪੰਜਾਬ ਦੇ ਪ੍ਰਸਿੱਧ ਕੁਮੈਂਟੇਟਰ ਕੁਲਵੀਰ ਰੰਗੀ ਕਾਈਨੌਰ ਨੇ ਕੁਮਂੈਟਰੀ ਕਰਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਨਾਲ ਹੀ ਸੋਨੀ ਬੋੜੇ, ਜਰਨੈਲ ਸਿੰਘ ਵਿੱਕੀ (ਪੰਚ ਚੌਂਤਾ) ਅਤੇ ਗੋਸਾ ਨੇ ਰੈਫਰੀ ਦੀ ਡਿਊਟੀ ਨਿਭਾਈ। ਅੰਤ ਵਿਚ ਸ. ਰਛਪਾਲ ਸਿੰਘ ਮਾਨ ਅਤੇ ਦੰਗਲ ਕਮੇਟੀ ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ, ਅਤੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ’ਤੇ ਸਨਮਾਨਿਤ ਕੀਤਾ। ਇਹ ਕੁਸ਼ਤੀ-ਦੰਗਲ ਆਪਣੀਆਂ ਵਿਲੱਖਣ ਪੈੜਾਂ ਛੱਡਦਾ ਹੋਇਆਂ ਸਮਾਪਤ ਹੋਇਆ। ਇਸ ਲਈ ਦੰਗਲ ਕਮੇਟੀ ਅਤੇ ਢੋਲਣਵਾਲ ਅਤੇ ਗੋਪਾਲਪੁਰ ਦੇ ਸਮੂਹ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ, ਜਿਹਨਾਂ ਨੇ ਰਲ-ਮਿਲ ਕੇ ਇਸ ਕੁਸ਼ਤੀ-ਦੰਗਲ ਨੂੰ ਨੇਪਰੇ ਚਾੜਿਆ।