Punjab Kushti / Wrestling
ਪੰਜਾਬ ਦੇ ਕਿਸਾਨ ਮੋਦੀ ਦੀ ਜਗਰਾਉਂ ਰੈਲੀ ਦਾ ਬਾਈਕਾਟ ਕਰਨ - ਬਲੀਏਵਾਲ Balle Punjab


ਕੁਹਾੜਾ-ਸਾਹਨੇਵਾਲ , 17 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬ ਦੇ ਕਿਸਾਨ ਅਤੇ ਸਮੁੱਚੇ ਪੰਜਾਬੀ ਮੋਦੀ ਦੀ ਪੰਜਾਬ ਫੇਰੀ ਅਤੇ ਚਾਹ ਤੇ ਚਰਚਾ ਦਾ ਬਾਈਕਾਟ ਕਰਨ ਤਾਂ ਜੋ ਗੁੱਜਰਾਤ ਵਿੱਚ ਲੰਬੇ ਸਮੇਂ ਤੋਂ ਵਸੇ ਪੰਜਾਬ ਹਰਿਆਣਾ ਯੂਪੀ ਦੇ ਕਿਸਾਨ, ਜਿੰਨਾਂ ਦਾ ਉਜਾੜਾ ਕਰਨ ਲਈ ਮੋਦੀ ਤੇ ਗੁਜਰਾਤ ਸਰਕਾਰ ਹਾਈ ਕੋਰਟ ਵਿੱਚੋਂ ਹਾਰਨ ਤੋਂ ਬਾਅਦ ਵੀ ਬਾਜਿੱਦ ਹੋਏ ਖੜੇ ਹਨ ਤੇ ਸੁਪਰੀਮ ਕੋਰਟ ਵਿੱਚ ਜਾ ਪੁੱਜੇ ਹਨ । ਅਸੀਂ ਇਸ ਹੰਕਾਰੀ ਆਦਮੀ ਦੀਆਂ ਰੈਲੀਆਂ ਦਾ ਬਾਈਕਾਟ ਕਰਕੇ ਮੂੰਹ ਤੋੜਵਾਂ ਜਵਾਬ ਦੇਈਏ ਅਤੇ ਆਪਣੇ ਸਿੱਖ ਕਿਸਾਨ ਭਰਾਵਾਂ ਨਾਲ ਖੜੇ ਹੋਈਏ । ਇਹ ਬਿਆਨ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ ਵੱਲੋਂ ਜਾਰੀ ਕੀਤਾ ਗਿਆ ਉਨ੍ਹਾਂ ਆਖਿਆ ਕਿ ਸਿੱਖ ਮਸਲਿਆਂ, ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਲਈ ਬਣਾਈ ਗਈ ਜਮਾਤ ਸ਼੍ਰੋਮਣੀ ਅਕਾਲੀ ਦਲ ਹੁਣ ਖਤਮ ਹੋ ਚੁੱਕੀ ਹੈ ਅਤੇ ਹੁਣ ਇਸ ਵਿੱਚ ਆਰ.ਐਸ.ਐਸ. ਦੀ ਘੁਸਪੈਠ ਹੋ ਚੁੱਕੀ ਹੈ ਅਤੇ ਹੁਣ ਇਹ ਸਵੈ ਲੋਭੀਆਂ ਦੀ ਜਮਾਤ ਬਣ ਚੁੱਕੀ ਹੈ ਅਤੇ ਇਨ੍ਹਾਂ ਸਰਕਾਰੀ ਤੇ ਆਰ.ਐਸ.ਐਸ. ਦੇ ਬੰਦਿਆਂ ਨੂੰ ਪੰਜਾਬੀਆਂ ਦੇ ਮਸਲਿਆਂ ਬਾਰੇ ਕੋਈ ਲੈਣ ਦੇਣ ਨਹੀਂ ਰਿਹਾ ਤੇ ਹੁਣ ਉਹ ਆਪਣੇ ਆਕਾ ਦੇ ਸਵਾਗਤ ਕਰਨ ਲਈ ਪਲਕਾਂ ਵਿਛਾਈ ਬੈਠੇ ਹਨ ਅਤੇ ਗੁਜਰਾਤ ਸਰਕਾਰ ਵੱਲੋਂ ਉਜਾੜੇ ਗਏ ਕਿਸਾਨਾਂ ਨੂੰ ਭੁੱਲ ਗਏ ਹਨ ।
ਉਨ੍ਹਾਂ ਆਖਿਆ ਕਿਸਾਨ ਸਮਿੱਟ ਅਤੇ ਕਿਸਾਨ ਮੇਲੇ ਪੰਜਾਬ ਨੂੰ ਤਾਂ ਹੀ ਫਾਇਦਾ ਦੇ ਸਕਦੇ ਹਨ ਜੇ ਕਿਸਾਨ ਰਹਿਣਗੇ । ਉਨ੍ਹਾਂ ਆਖਿਆ ਆਪਣਾ ਨਿੱਜੀ ਫਾਇਦਾ ਲੈਣ ਲਈ ਅਕਾਲੀਆਂ ਨੇ ਪੰਜਾਬ ਦੀ ਕਿਸਾਨੀ, ਪੰਜਾਬ ਦੇ ਕਿੱਤੇ, ਪੰਜਾਬ ਦੇ ਵਪਾਰ, ਪੰਜਾਬ ਦੇ ਉਦਯੋਗ, ਨਸ਼ਾਖੋਰੀ ਦੇ ਮੁੱਦੇ ਨੂੰ ਵਿਸਾਰ ਦਿੱਤਾ ਹੈ । ਉਨ੍ਹਾਂ ਆਖਿਆ ਕਿ ਹੁਣ ਤੱਕ ਪੰਜਾਬ ਵਿੱਚ 18 ਹਜ਼ਾਰ ਤੋਂ ਵੀ ਵੱਧ ਕਾਰਖਾਨੇ ਬੰਦ ਹੋ ਗਏ ਹਨ । ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਤਰੱਕੀ ਇਹ ਹੈ ਕਿ ਪੰਜਾਬ ਵਿੱਚ ਵੈਟ ਸਭ ਤੋਂ ਵੱਧ ਹੈ, ਪੈਟਰੋਲ ਸਭ ਤੋਂ ਮਹਿੰਗਾ ਹੈ, ਨਸ਼ਾ ਸਭ ਤੋਂ ਵੱਧ, ਪਰ ਫਿਰ ਵੀ ਕੋਈ ਧਿਆਨ ਨਹੀਂ ।
ਉਨ੍ਹਾਂ ਆਖਿਆ ਕਿ ਪਟੇਲ ਦੀ ਮੂਰਤ ਲਈ, ਅਕਾਲੀ ਮਿੱਟੀ ਤੇ ਲੋਹਾ ਇੱਕਠਾ ਕਰਨ ਲੱਗੇ ਹੋਏ ਹਨ । ਤੇ ਮੋਦੀ ਪਟੇਲ ਨੂੰ ਆਪਣਾ ਆਦਰਸ਼ ਮੰਨਦਾ ਹੈ । ਇਹ ਉਹ ਪਟੇਲ ਹੈ ਜੋ ਕਿ ਸਿੱਖਾਂ ਨੂੰ ਜੁਰਮ ਪੇਸ਼ਾ ਕੌਮ ਕਹਿੰਦਾ ਸੀ, ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਰੱਖਣ ਦੀ ਗੱਲ ਕਹਿੰਦਾ ਸੀ ਅਤੇ ਇਨ੍ਹਾਂ ਨੂੰ ਵੱਖੋ-ਵੱਖ ਕਰਨ ਦਾ ਹੁਕਮ ਦਿੱਤਾ ਸੀ ਅਤੇ ਹੁਣ ਮੋਦੀ ਵੀ ਉਸਦੀ ਸੋਚ ਨੂੰ ਅੱਗੇ ਲੈ ਕੇ ਤੁਰ ਰਿਹਾ ਹੈ ਅਤੇ ਸਾਰੀਆਂ ਰੈਲੀਆਂ ਵਿੱਚ ਇਸ ਸੋਚ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰ ਰਿਹਾ ਹੈ । ਇਸ ਕਰਕੇ ਸਾਨੂੰ ਵੀ ਇਸਦਾ ਵਿਰੋਧ ਤੇ ਬਾਈਕਾਟ ਕਰਨਾ ਲਾਜ਼ਮੀ ਹੋ ਗਿਆ ਹੈ । ਉਨ੍ਹਾਂ ਆਖਿਆ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਪਹਿਲਾਂ ਵੀ ਬੀਜੇਪੀ ਅਤੇ ਮੋਦੀ ਦਾ ਵਿਰੋਧ ਕਰਦੀ ਸੀ ਅਤੇ ਇਸ ਵਾਰ ਵੀ ਕਰਨਗੇ । ਇਸ ਮੌਕੇ ਉਨ੍ਹਾਂ ਦੇ ਨਾਲ ਜਗਜੀਤ ਸਿੰਘ ਭੱਟੀ ਵੀ ਹਾਜ਼ਰ ਸੀ ।