Punjab Kushti / Wrestling
27 october, 2013 khera da kushti dangal ਖੇੜਾ ਦੇ ਕੁਸ਼ਤੀ-ਦੰਗਲ ਦੀ ਰਿਪੋਟਰ Balle Punjab

ਖੇੜਾ (ਹਿਮਾਚਲ ਪ੍ਰਦੇਸ਼) ਦੇ ਕੁਸ਼ਤੀ-ਦੰਗਲ ‘ਤੇ ਰੋਹਿਤ ਪਟੇਲ (ਲੱਡੂ) ਡੂਮਛੇੜੀ ਨੇ ਕਰਵਾਈ ਬੱਲੇ-ਬੱਲੇ।
ਜ਼ਿਲ੍ਹਾ ਹਿਮਾਚਲ ਦੇ ਪਿੰਡ ਖੇੜਾ ਵਿਖੇ 27 ਅਕਤੂਬਰ, 2013 ਨੂੰ ਵਿਸ਼ਾਲ ਕੁਸ਼ਤੀ-ਦੰਗਲ ਹੰਸ ਰਾਜ ਚੰਦੇਲ, ਚੰਨਾ, ਅਵਤਾਰ ਪ੍ਰਧਾਨ, ਮੂਲ ਚੰਦ, ਵੀਰ ਸਿੰਘ ਚੰਦੇਲ, ਭਾਗ ਸਿੰਘ ਭਾਗਾ, ਮੁਹਮੰਦ ਸਕੀਲ ਅਤੇ ਨੈਸ਼ਨਲ ਕੋਚ ਬਾਲ ਕਿਸ਼ਨ ਖੇੜਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਸਪੈਸ਼ਲ ਕੁਸ਼ਤੀਆਂ ਦੀ ਗੱਲ ਕਰੀਏ ਤਾਂ ਜੁਝਾਰ ਮਾਣੇਮਾਜਰਾ ਅਤੇ ਸਨੀ ਚੌਂਤਾ, ਸੁਰਿੰਦਰ ਚੌਂਤਾ ਅਤੇ ਸੰਦੀਪ ਤਲਵੰਡੀ ਸਾਬੋ, ਨਵੀਨ ਭੁੱਟਾ ਅਤੇ ਰਾਜਾ ਮਹਾਦੇਵ ਕਾਈਨੌਰ, ਕਾਕਾ ਬਾਗਵਾਨੀਆਂ ਅਤੇ ਸੰਦੀਪ ਦਿੱਲੀ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਨਾਲ ਹੀ ਨਰਿੰਦਰ ਡੂਮਛੇੜੀ ਨੇ ਗੌਰੀ ਕਾਈਨੌਰ ਨੂੰ ਨੌਵੇਂ ਮਿੰਟ ਵਿਚ ਹਰਾ ਕੇ ਜਿੱਤ ਪ੍ਰਾਪਤ ਕੀਤੀ। ਕਾਲਾ ਚਮਕੌਰ ਸਾਹਿਬ ਨੇ ਵਜੀਰ ਊਨਾ ਨੂੰ ਦੂਜੇ ਮਿੰਟ ਵਿਚ ਹੀ ਚਿੱਤ ਕਰ ਦਿੱਤਾ। ਸੁਨੀਲ ਕਾਲਾ ਚੰਡੀਗੜ੍ਹ ਨੇ ਵੀ ਬਿੱਲਾ ਮਲਕਪੁਰ ਨੂੰ ਦੂਜੇ ਮਿੰਟ ਵਿਚ ਚਿੱਤ ਕੀਤਾ। ਕਾਕਾ ਢਿੱਲਵਾਂ ਨੇ ਸ਼ਰਧਾ ਨੰਦ ਚੰਡੀਗੜ੍ਹ ਨੂੰ ਚੌਥੇ ਮਿੰਟ ਵਿਚ ਹਰਾ ਕੇ ਕੁਸ਼ਤੀ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ। ਗਿਆਰ੍ਹਾਂ ਹਜ਼ਾਰ ਰੁਪਏ ਦੀ ਪਹਿਲੀ ਕੁਸ਼ਤੀ ਪਹਿਲਵਾਲ ਕੇਸ਼ੀ ਸਰਪੰਚ ਚੌਂਤਾ ਦੇ ਸਗਿਰਦ ਸੁੱਖ ਚੌਂਤਾ ਅਤੇ ਪਹਿਲਵਾਨ ਜਸਵੀਰ ਸਿੰਘ ਪੱਥਰੇੜੀ ਜੱਟਾਂ ਦੇ ਸਪੁੱਤਰ ਜਤਿੰਦਰ ਪੱਥਰੇੜੀ ਜੱਟਾਂ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਪੰਦਰ੍ਹਾਂ ਮਿੰਟ ਰੱਖਿਆ ਗਿਆ ਸੀ। ਪਰ ਜਤਿੰਦਰ ਨੇ ਬਾਰ੍ਹਵੇਂ ਮਿੰਟ ਵਿਚ ਹੀ ਸੁੱਖ ਨੂੰ ਚਿੱਤ ਕਰਕੇ ਕੁਸ਼ਤੀ ਜਿੱਤ ਲਈ। ਫਿਰ ਗਿਆਰ੍ਹਾਂ ਹਜ਼ਾਰ ਰੁਪਏ ਦੀ ਦੂਜੀ ਕੁਸ਼ਤੀ ਪਹਿਲਵਾਨ ਜਗਦੇਵ ਢਿੱਲਵਾਂ ਦੇ ਸਪੁੱਤਰ ਰਜਿੰਦਰਪਾਲ ਢਿੱਲਵਾਂ ਅਤੇ ਜ਼ੀਰਕਪੁਰ ਅਖਾੜੇ ਦਾ ਪਹਿਲਵਾਨ ਸੁਨੀਲ ਜ਼ੀਰਕਪੁਰ ਵਿਚਕਾਰ ਕੁਸ਼ਤੀ ਕਰਵਾਈ ਗਈ। ਇਹ ਕੁਸ਼ਤੀ ਬਹੁਤ ਹੀ ਵਧੀਆ ਹੋਈ। ਇਸ ਕੁਸ਼ਤੀ ਦਾ ਸਮਾਂ ਵੀ ਪੰਦਰ੍ਹਾਂ ਮਿੰਟ ਰੱਖਿਆ ਗਿਆ ਸੀ, ਪਰ ਤੇਰ੍ਹਵੇਂ ਮਿੰਟ ਵਿਚ ਰਜਿੰਦਰਪਾਲ ਢਿੱਲਵਾਂ ਨੇ ਕੁਸ਼ਤੀ ਜਿੱਤ ਲਈ। ਉਸ ਤੋਂ ਬਾਅਦ ਪਹਿਲਵਾਨ ਦੀਪਾ ਕਾਈਨੌਰ ਦੇ ਅਖਾੜੇ ਦਾ ਪਹਿਲਵਾਨ ਲਾਲੀ ਕਾਈਨੌਰ ਅਤੇ ਚੰਡੀਗੜ੍ਹ ਅਖਾੜੇ ਦਾ ਪਹਿਲਵਾਨ ਅਮਿਤ ਚੰਡੀਗੜ੍ਹ ਵਿਚਕਾਰ ਪੰਦਰ੍ਹਾਂ ਹਜ਼ਾਰ ਰੁਪਏ ਦੀ ਸਪੈਸ਼ਲ ਕੁਸ਼ਤੀ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀ ਪੰਦਰ੍ਹਾਂ ਮਿੰਟ ਰੱਖਿਆ ਗਿਆ ਸੀ। ਇਹ ਕੁਸ਼ਤੀ ਵੀ ਬਹੁਤ ਹੀ ਵਧੀਆ ਹੋਈ ਪਰ ਅੰਤ ਵਿਚ ਇਹ ਕੁਸ਼ਤੀ ਬਰਾਬਰ ਹੀ ਰਹੀ। ਆਰ.ਐਸ. ਸੋਸ਼ਲ ਵੈਲਫੇਅਰ ਸੋਸਾਇਟੀ ਮੁੱਲਾਂਪੁਰ-ਗਰੀਬਦਾਸ ਦੇ ਚੇਅਰਮੈਨ ਕਪਿਲ ਸ਼ਰਮਾ ਅਤੇ ਅਵਤਾਰ ਸਿੰਘ ਸੈਣੀ ਨੇ ਇਸ ਕੁਸ਼ਤੀ-ਦੰਗਲ ਵਿਚ ਮੁੱਖ ਮਹਿਮਾਨਾਂ ਵੱਜੋਂ ਸ਼ਿਰਕਤ ਕੀਤੀ। ਜਿਨ੍ਹਾਂ ਦਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਝੰਡੀ ਵਾਲਿਆਂ ਕੁਸ਼ਤੀਆਂ ਵਿੱਚੋਂ ਪਹਿਲਾਂ ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਮੀਰੀ-ਪੀਰੀ ਰੈਸਲਿੰਗ ਅਖਾੜਾ ਖੰਨਾ ਦਾ ਪਹਿਲਵਾਨ ਗੁਰਸੇਵਕ ਘੁੱਦੂ ਖੰਨਾ ਅਤੇ ਊਨਾ ਦਾ ਪਹਿਲਵਾਨ ਗੋਰਵ ਊਨਾ ਵਿਚਕਾਰ ਕੁਸ਼ਤੀ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਪੱਚੀ ਮਿੰਟ ਰੱਖਿਆ ਗਿਆ ਸੀ। ਪਹਿਲਾਂ ਤਾਂ ਇਹ ਕੁਸ਼ਤੀ ਬਰਾਬਰ ਹੀ ਰਹੀ। ਫਿਰ ਕਮੇਟੀ ਨੇ ਪੰਜ ਮਿੰਟ ਕੁਸ਼ਤੀ ਪੁਆਇੰਟਾਂ ਤੇ ਕਰਵਾਈ ਪਰ ਫਿਰ ਵੀ ਕੁਸ਼ਤੀ ਬਰਾਬਰ ਹੀ ਰਹੀ। ਉਸ ਤੋਂ ਬਾਅਦ ਇਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਰੋਹਿਤ ਪਟੇਲ (ਲੱਡੂ ਡੂਮਛੇੜੀ) ਅਤੇ ਮਨਜੀਤ ਮਲਕਪੁਰ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀ ਪੱਚੀ ਮਿੰਟ ਰੱਖਿਆ ਗਿਆ ਸੀ। ਪਰ ਇਹ ਕੁਸ਼ਤੀ ਸੋਲਵੇਂ ਮਿੰਟ ਵਿਚ ਹੀ ਲੱਡੂ ਡੂਮਛੇੜੀ ਨੇ ਜਿੱਤ ਕੇ ਬੱਲੇ-ਬੱਲੇ ਕਰਵਾਈ ਅਤੇ ਸਾਰਾ ਮੇਲਾ ਲੁੱਟਣ ਵਾਲੀ ਗੱਲ ਕਰ ਦਿੱਤੀ। ਜਿੱਥੇ ਸਾਰੀ ਨਗਰ ਪੰਚਾਇਤ, ਦੰਗਲ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੁਸ਼ਤੀ-ਦੰਗਲ ਕਰਵਾਇਆ ਗਿਆ। ਉੱਥੇ ਹੀ ਆਰ.ਐਸ. ਸੋਸ਼ਲ ਵੈਲਫੇਅਰ ਸੋਸਾਇਟੀ ਮੁੱਲਾਂਪੁਰ-ਗਰੀਬਦਾਸ ਦੇ ਚੇਅਰਮੈਨ ਕਪਿਲ ਸ਼ਰਮਾ ਦਾ ਵੀ ਇਸ ਕੁਸ਼ਤੀ-ਦੰਗਲ ਵਿਚ ਵਿਸ਼ੇਸ਼ ਸਹਿਯੋਗ ਰਿਹਾ।
ਇਸ ਕੁਸ਼ਤੀ-ਦੰਗਲ ਵਿਚ ਜਿੱਥੇ ਪੰਜਾਬ ਦੇ ਪ੍ਰਸਿੱਧ ਕੁਮੈਂਟੇਟਰ ਕੁਲਵੀਰ ਰੰਗੀ ਕਾਈਨੌਰ ਨੇ ਕੁਮੈਂਟਰੀ ਦੀ ਡਿਊਟੀ ਨਿਭਾਈ, ਉੱਥੇ ਹੀ ਕੋਚ ਬਾਲ ਕਿਸ਼ਨ ਖੇੜਾ ਨੇ ਜੋੜੇ ਮਿਲਾਏ ਅਤੇ ਕਰਮ ਚੰਦ, ਪਹਿਲਵਾਨ ਜਸਵੀਰ ਪੱਥਰੇੜੀ ਜੱਟਾਂ ਅਤੇ ਛੋਟੇ ਰਾਮ ਨੇ ਰੈਫਰੀ ਦੀ ਡਿਊਟੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ।
ਅੰਤ ਵਿਚ ਦੰਗਲ ਕਮੇਟੀ ਅਤੇ ਨਗਰ ਪੰਚਾਇਤ ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਹ ਖੇੜਾ ਦਾ ਕੁਸ਼ਤੀ-ਦੰਗਲ ਸਮੇਂ ਸਿਰ ਆਪਣੀਆਂ ਵਿਲੱਖਣ ਪੈੜਾ ਛੱਡਦਾ ਹੋਇਆ ਸਮਾਪਤ ਹੋਇਆ। ਇਸ ਲਈ ਸਾਰੀ ਹੀ ਦੰਗਲ ਕਮੇਟੀ, ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ। ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਕੁਸ਼ਤੀ-ਦੰਗਲ ਨੂੰ ਨੇਪਰੇ ਚਾੜ੍ਹਿਆ।