Punjab Kushti / Wrestling
ਬੱਚਿਆਂ ਵਿਚ ਸਾਹਿਤ ਅਤੇ ਮਾਤ ਭਾਸ਼ਾ ਪ੍ਰਤੀ ਸਨੇਹ ਪੈਦਾ ਕਰਨਾ ਅਜੋਕੇ ਸਮੇਂ ਦੀ ਵੱਡੀ ਮੰਗ : ਨੀਲ ਕਮਲ ਧਾਲੀਵਾਲ Balle Punjab


ਜ਼ਿਲਾ ਬਾਲ ਭਲਾਈ ਕੌਂਸਲ ਪਟਿਆਲਾ ਵੱਲੋਂ ‘ਬਾਲ ਪ੍ਰੀਤ’ ਰਸਾਲੇ ਦਾ ਅੱਠਵਾਂ ਵਿਸ਼ੇਸ਼ ਅੰਕ ਜਾਰੀ

ਪਟਿਆਲਾ, 22 ਮਈ

‘‘ ਬੱਚਿਆਂ ਵਿਚ ਸਾਹਿਤ ਅਤੇ ਮਾਤ ਭਾਸ਼ਾ ਪ੍ਰਤੀ ਸਨੇਹ ਪੈਦਾ ਕਰਨਾ ਅਜੋਕੇ ਸਮੇਂ ਦੀ ਵੱਡੀ ਮੰਗ ਹੈ। ਜਿਹੜੀ ਕੌਮ ਆਪਣੇ ਬੱਚਿਆਂ ਦੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਵਿਰਾਸਤ ਪ੍ਰਤੀ ਜਾਗਰੂਕ ਰਹਿੰਦੀ ਹੈ ਉਸ ਦਾ ਭਵਿੱਖ ਸ਼ਾਨਦਾਰ ਹੁੰਦਾ ਹੈ। ਆਪਣੀ ਨਵੀਂ ਪਨੀਰੀ ਨੂੰ ਸਿਰਜਣਾਤਮਕ ਮਾਹੌਲ ਨਾ ਦੇਣ ਵਾਲੀਆਂ ਕੌਮਾਂ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣ ਵਿਚ ਪਿੱਛੇ ਰਹਿ ਜਾਂਦੀਆਂ ਹਨ। ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਵਿਚ ਪੰਜਾਬੀ ਵਿਰਾਸਤ, ਸਭਿਆਚਾਰ ਅਤੇ ਸਾਹਿਤ ਪ੍ਰਤੀ ਚੇਤਨਾ ਪੈਦਾ ਕਰੀਏ ਤਾਂ ਜੋ ਬੱਚੇ ਪੱਛਮੀ ਸਭਿਆਚਾਰ ਪਿੱਛੇ ਲੱਗ ਕੇ ਆਪਣੀਆਂ ਵਡਮੁੱਲੀਆਂ ਅਤੇ ਉਸਾਰੂ ਕਦਰਾਂ ਕੀਮਤਾਂ ਨਾ ਭੁੱਲ ਜਾਣ। ਮਾਪਿਆਂ ਅਤੇ ਅਧਿਆਪਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਮਿਆਰੀ ਬਾਲ ਰਸਾਲੇ ਅਤੇ ਅਖ਼ਬਾਰਾਂ ਦੇ ਨਾਲ ਨਾਲ ਚੰਗੀਆਂ ਪੁਸਤਕਾਂ ਪੜ੍ਹਨ ਦੀ ਆਦਤ ਪਾਉਣ ਅਤੇ ਉਹਨਾਂ ਲਈ ਘਰ ਵਿਚ ਚੰਗਾ ਸਾਹਿਤ ਲਿਆਉਣ। ‘‘
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੱਥੇ ਡਿਪਟੀ ਕਮਿਸ਼ਨਰ, ਪਟਿਆਲਾ ਦੀ ਰਿਹਾਇਸ਼ ਵਿਖੇ ਜ਼ਿਲਾ ਬਾਲ ਭਲਾਈ ਕੌਂਸਲ ਦੀ ਪ੍ਰਧਾਨਗੀ ਸਰਦਾਰਨੀ ਨੀਲ ਕਮਲ ਧਾਲੀਵਾਲ ਨੇ ਕੌਂਸਲ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਪ੍ਰਸਿੱਧ ਬਾਲ ਰਸਾਲੇ ਬਾਲ ਪ੍ਰੀਤ ਦਾ ਅੱਠਵਾਂ ਵਿਸਾਖੀ ਵਿਸ਼ੇਸ਼ ਅੰਕ ਜਾਰੀ ਕਰਦਿਆਂ ਕਹੇ। ਇਸ ਸਮੇਂ ਸਰਦਾਰ ਜੀ.ਕੇ.ਸਿੰਘ, ਆਈ.ਏ.ਐਸ., ਬਾਲ ਪ੍ਰੀਤ ਦੇ ਆਨਰੇਰੀ ਸੰਪਾਦਕ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ, ਸਰਕਾਰੀ ਰਜਿੰਦਰਾ ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਹਰਸ਼ਿੰਦਰ ਕੌਰ, ਰੈਡ ਕਰਾਸ ਦੇ ਜੁਆਇੰਟ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ, ਆਨਰੇਰੀ ਸਕੱਤਰ ਸ਼੍ਰੀਮਤੀ ਨਰਿੰਦਰ ਕੌਰ ਸੇਖੋਂ, ਮਨਜੀਤ ਕੌਰ ਆਜ਼ਾਦ, ਸੁਖਚੈਨ ਕੌਰ, ਗੁਰਚਰਨ ਕੌਰ, ਡਾ. ਰਾਜਵੰਤ ਕੌਰ ਪੰਜਾਬੀ, ਸ਼੍ਰੀ ਸਤਪਾਲ ਸਿੰਘ ਬਲਾਸੀ ਕੋਆਰਡੀਨੇਟਰ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਸਨ।