Punjab Kushti / Wrestling
ਕੁਸ਼ਤੀ-ਦੰਗਲ 2 ਅਪ੍ਰੈਲ 2013 ਆਲਮਗੀਰ Balle Punjab

ਆਲਮਗੀਰ (ਲੁਧਿਆਣਾ) ਭਾਈ ਨਿਗਾਹੀਆ ਸਿੰਘ ਜੀ ਯਾਦਗਾਰੀ ਕੁਸ਼ਤੀ-ਦੰਗਲ ਵਿੱਚ ਆਲਮਗੀਰ ਅਖਾੜੇ ਦੇ ਪਹਿਲਵਾਨਾਂ ਨੇ ਕਰਵਾਈ ਬੱਲੇ-ਬੱਲੇ


ਪੰਜਾਬ ਰੈਸਲਿੰਗ ਸੈਂਟਰ ਅਖਾੜਾ ਆਲਮਗੀਰ, ਪਹਿਲਵਾਨ ਸਿਕੰਦਰ ਸਿੰਘ ਆਲਮਗੀਰ, ਉਸਤਾਦ ਰਾਮ ਕ੍ਰਿਸ਼ਨ, ਉਸਤਾਦ ਚਰਨ ਸਿੰਘ ਅਤੇ ਸ. ਨਿਰਮਲ ਸਿੰਘ ਨੰਬਰਦਾਰ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਆਲਮਗੀਰ ਵਿਖੇ ਭਾਈ ਨਿਗਾਹੀਆ ਸਿੰਘ ਜੀ ਸਪੋਰਟਸ ਕਲੱਬ, ਐੱਨ.ਆਰ.ਆਈ. ਵੀਰ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਪਿੰਡ ਆਲਮਗੀਰ ਵੱਲੋਂ ਵਿਸ਼ਾਲ ਕੁਸ਼ਤੀ-ਦੰਗਲ 2 ਅਪ੍ਰੈਲ 2013 ਨੂੰ ਸਰਕਾਰੀ ਹਾਈ ਸਕੂਲ ਆਲਮਗੀਰ ਦੇ ਖੇਡ-ਮੈਦਾਨ ਵਿਚ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਸਾਬਕਾ ਸਰਪੰਚ ਸ. ਮਲਕੀਤ ਸਿੰਘ (ਬਲਾਕ ਸੰਮਤੀ ਮੈਂਬਰ) ਜਿਹੜੇ ਕਿ ਰੁਸਤਮ-ਏ-ਹਿੰਦ ਹਰਵਿੰਦਰ ਆਲਮਗੀਰ ਦੇ ਪਿਤਾ ਜੀ ਹਨ, ਸ. ਹਰਪਾਲ ਸਿੰਘ, ਗੁਰਜੀਤ ਸਿੰਘ ਸੀਤਾ, ਸਾਬਕਾ ਸਰਪੰਚ ਭਾਗ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਸ. ਭਰਪੂਰ ਸਿੰਘ ਕਾਰਪੋਰੇਟ ਬੈਂਕ, ਜਰਨੈਲ ਸਿੰਘ, ਸੁਖਚੈਨ ਸਿੰਘ ਬੀਲਾ, ਪੰਚ ਨਿਰਮਲ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਨਾਜਰ ਸਿੰਘ ਅਤੇ ਸਤਵਿੰਦਰ ਸਿੰਘ ਕੈਨੇਡਾ ਦੀ ਰਹਿਨੁਮਾਈ ਹੇਠ ਸੱਦੇ ਹੋਏ ਪਹਿਲਵਾਨਾਂ ਦੇ ਭੇੜ ਕਰਵਾਏ ਗਏ। ਇਸ ਕੁਸ਼ਤੀ-ਦੰਗਲ ਦੀ ਪਹਿਲੀ ਕੁਸ਼ਤੀ ਜੱਸਾ ਰੌਣੀ ਅਤੇ ਭਰਤ ਫਗਵਾੜਾ ਵਿਚਕਾਰ ਕਰਵਾਈ ਗਈ। ਜਿਹੜੀ ਕਿ ਬਰਾਬਰ ਰਹੀ। ਸਪੈਸ਼ਲ ਕੁਸ਼ਤੀਆਂ ਵਿਚ ਹਰਦੀਪ ਚਮਕੌਰ ਸਾਹਿਬ ਨੇ ਸਾਜਨ ਲੁਧਿਆਣਾ ਨੂੰ, ਵਿੱਕੀ ਆਲਮਗੀਰ ਨੇ ਗੁਰਪ੍ਰੀਤ ਦੇਹਰਾਂ ਨੂੰ, ਗੁਰਪ੍ਰੀਤ ਆਲਮਗੀਰ ਨੇ ਗਗਨ ਸਿੱਧਵਾਂ ਬੇਟ ਨੂੰ, ਛੋਟਾ ਹਰਮਨ ਆਲਮਗੀਰ ਨੇ ਜਸਵੰਤ ਫਗਵਾੜਾ ਨੂੰ, ਗੱਗੂ ਆਲਮਗੀਰ ਨੇ ਕੁੱਕੂ ਬਲੀਏਵਾਲ ਨੂੰ, ਬਲਵਿੰਦਰ ਆਲਮਗੀਰ ਨੇ ਸੋਹਣ ਚਮਕੌਰ ਸਾਹਿਬ ਨੂੰ, ਪਰਮਿੰਦਰ ਮਾਛੀਵਾੜਾ ਨੇ ਅੰਮ੍ਰਿਤ ਬਾੜੇਵਾਲ ਨੂੰ, ਅੰਜੂ ਰੌਣੀ ਨੇ ਹੀਰਾ ਚਮਕੌਰ ਸਾਹਿਬ ਨੂੰ, ਗੋਲਡੀ ਆਲਮਗੀਰ ਨੇ ਪ੍ਰਦੀਪ ਫਗਵਾੜਾ ਨੂੰ, ਨਮਾਜ ਅਲੀ ਮਾਲੇਰਕੋਟਲਾ ਨੇ ਕਾਜਾ ਡੂਮਛੇੜੀ ਨੂੰ, ਸੰਮੀ ਡੂਮਛੇੜੀ ਨੇ ਟੋਨੀ ਰੌਣੀ ਨੂੰ, ਅਮਰਜੀਤ ਡੂਮਛੇੜੀ ਨੇ ਜਸਵੀਰ ਮੇਹਲਾ ਨੂੰ ਚਿੱਤ ਕਰਕੇ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ। ਦੀਸ਼ਾ ਡੂਮਛੇੜੀ ਅਤੇ ਕਾਲਾ ਚਮਕੌਰ ਸਾਹਿਬ, ਡਿੰਪੀ ਲੁਧਿਆਣਾ ਅਤੇ ਲਖਵਿੰਦਰ ਸਮਾਣਾ, ਸਾਹਿਬ ਕਾਇਨੌਰ ਅਤੇ ਬਾਈ ਫਿਲੌਰ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਇਕਵੰਜਾ ਸੌ ਰੁਪਏ ਦੀ ਸਪੈਸ਼ਲ ਕੁਸ਼ਤੀ ਅੰਮ੍ਰਿਤ ਰੁੜਕੀ ਅਤੇ ਅਜਵਿੰਦਰ ਇਯਾਲੀ ਵਿਚਕਾਰ ਬੰਨ੍ਹੀ ਗਈ। ਜਿਸ ਦਾ ਇਨਾਮ ਸੰਦੀਪ ਸਿੰਘ ਵੱਲੋਂ ਆਪਣੇ ਪਿਤਾ ਸਵ: ਲੱਟੂ ਦੀ ਯਾਦ ਵਿੱਚ ਦਿੱਤਾ ਗਿਆ। ਇਸ ਕੁਸ਼ਤੀ ਦਾ ਸਮਾਂ ਦਸ ਮਿੰਟ ਰੱਖਿਆ ਗਿਆ ਸੀ। ਦਸ ਮਿੰਟ ਤੱਕ ਇਹ ਕੁਸ਼ਤੀ ਬਰਾਬਰ ਹੀ ਰਹੀ। ਫਿਰ ਇਹ ਕੁਸ਼ਤੀ ਪੁਆਇੰਟਾਂ ‘ਤੇ ਕਰਵਾਈ ਤਾਂ ਅੰਮ੍ਰਿਤ ਰੁੜਕੀ ਨੇ ਜਿੱਤ ਪ੍ਰਾਪਤ ਕੀਤੀ। ਇਕਹੱਤਰ ਸੌ ਰੁਪਏ ਦੀ ਸਪੈਸ਼ਲ ਕੁਸ਼ਤੀ ਗੋਲਡੀ ਚਮਕੌਰ ਸਾਹਿਬ ਅਤੇ ਸ਼ਿੰਦਾ ਨਾਰੰਗਵਾਲ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਬਰਾਬਰ ਹੀ ਰਹੀ। ਵੱਡੀ ਝੰਡੀ ਦੀਆਂ ਕੁਸ਼ਤੀਆਂ ਤੋਂ ਪਹਿਲਾਂ ਇਸ ਕੁਸ਼ਤੀ-ਦੰਗਲ ਵਿਚ ਮੁੱਖ ਮਹਿਮਾਨਾਂ ਵਜੋਂ ਪਹੁੰਚੇ ਜਗਵੀਰ ਸਿੰਘ ਸੋਖੀ (ਕੌਂਸਲਰ ਲੁਧਿਆਣਾ), ਸ. ਮਲਕੀਤ ਸਿੰਘ ਪਨੇਸਰ, ਸ. ਦਵਿੰਦਰ ਸਿੰਘ ਗਿੱਲ, ਕੈਪਟਨ ਹਰਬੰਸ ਸਿੰਘ ਸਾਂਇਆਂ, ਸ. ਸੁਰਜੀਤ ਸਿੰਘ ਅਤੇ ਸ. ਪਰਮਜੀਤ ਸਿੰਘ ਗਰੇਵਾਲ, ਉਹਨਾਂ ਦਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ

 ਕੀਤਾ ਗਿਆ। ਤਿੰਨ ਨੰਬਰ ਦੀ ਝੰਡੀ ਦੀ ਕੁਸ਼ਤੀ ਧਰਮਿੰਦਰ ਆਲਮਗੀਰ ਅਤੇ ਸੋਨਾ ਜਲੰਧਰ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਪੱਚੀ ਮਿੰਟ ਰੱਖਿਆ ਗਿਆ। ਇਸ ਕੁਸ਼ਤੀ ਵਿਚ ਧਰਮਿੰਦਰ ਆਲਮਗੀਰ ਨੇ ਜਿੱਤ ਪ੍ਰਾਪਤ ਕੀਤੀ। ਦੋ ਨੰਬਰ ਦੀ ਝੰਡੀ ਦੀ ਪਹਿਲੀ ਕੁਸ਼ਤੀ ਗਗਨ ਈਸੜੂ ਅਤੇ ਹਰਮਨ ਆਲਮਗੀਰ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀ ਪੱਚੀ ਮਿੰਟ ਰੱਖਿਆ ਗਿਆ। ਇਸ ਕੁਸ਼ਤੀ ਵਿਚ ਹਰਮਨ ਆਲਮਗੀਰ ਨੇ ਗਗਨ ਨੂੰ ਚਿੱਤ ਕਰਕੇ ਜਿੱਤ ਪ੍ਰਾਪਤ ਕੀਤੀ। ਦੋ ਨੰਬਰ ਦੀ ਝੰਡੀ ਦੀ ਦੂਸਰੀ ਕੁਸ਼ਤੀ ਮਨਾ ਬਾੜੇਵਾਲ ਅਤੇ ਭਿੰਦਰ ਸਮਾਣਾ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਬਰਾਬਰ ਹੀ ਰਹੀ। ਉਸ ਤੋਂ ਬਾਅਦ ਇਕ ਨੰਬਰ ਦੀ ਵੱਡੀ ਝੰਡੀ ਦੀ ਦੂਜੀ ਕੁਸ਼ਤੀ ਰੂਬਲ ਰੰਗੀ ਪਟਿਆਲਾ ਅਤੇ ਧਰਮਾ ਬਿਰੜਵਾਲ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀ ਪੱਚੀ ਮਿੰਟ ਰੱਖਿਆ ਗਿਆ ਸੀ ਪਰ ਛੇਵੇਂ ਮਿੰਟ ਵਿਚ ਹੀ ਇਹ ਕੁਸ਼ਤੀ ਰੂਬਲ ਰੰਗੀ ਪਟਿਆਲਾ ਨੇ
 ਜਿੱਤ ਲਈ ਅਤੇ ਇਕ ਨੰਬਰ ਦੀ ਦੂਜੀ ਝੰਡੀ ਦਾ ਹੱਕਦਾਰ ਬਣਿਆ। ਇਕ ਨੰਬਰ ਦੀ ਵੱਡੀ ਝੰਡੀ ਲਈ ਬਾਬਾ ਪੂਰਨ ਦਾਸ ਕੁਸ਼ਤੀ ਅਖਾੜਾ ਬਹਿਰਾਮਪੁਰ ਦਾ ਪਹਿਲਵਾਨ ਕਮਲਜੀਤ ਡੂਮਛੇੜੀ ਅਤੇ ਬਾਬਾ ਭਗਤੀ ਨਾਥ ਅਖਾੜਾ ਮਾਛੀਵਾੜਾ ਸਾਹਿਬ ਦਾ ਪਹਿਲਵਾਨ ਗੌਰਵ ਮਾਛੀਵਾੜਾ ਵਿਚਕਾਰ ਕੁਸ਼ਤੀ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀ ਪੱਚੀ ਮਿੰਟ ਰੱਖਿਆ ਗਿਆ ਸੀ। ਇਹ ਕੁਸ਼ਤੀ ਦੋਨੋਂ ਪਹਿਲਵਾਨਾਂ ਦੀ ਜੱਦੋ-ਜਾਹਿਦ ਤੋਂ ਬਾਅਦ ਬਰਾਬਰ ਹੀ ਰਹੀ। ਇਸ ਕੁਸ਼ਤੀ-ਦੰਗਲ ਵਿਚ ਨਾਜਰ ਸਿੰਘ ਢਢੋਗਲ ਖੇੜੀ ਅਤੇ ਜਸਪਾਲ ਸ਼ਰਮਾ (ਸਮਰਾਲਾ) ਨੇ ਵਾਰੋ-ਵਾਰੀ ਆਪਣੀ ਅਵਾਜ਼ ਦਾ ਜਾਦੂ ਵਿਖੇਰਿਆ। ਜੋੜੇ ਮਿਲਾਉਣ ਦੀ ਡਿਊਟੀ ਜਿੱਥੇ ਗਿੰਦਰ ਆਲਮਗੀਰ ਅਤੇ ਧਰਮਿੰਦਰ ਆਲਮਗੀਰ ਨੇ ਨਿਭਾਈ ਉੱਥੇ ਹੀ ਪਹਿਲਵਾਨ ਗੁਰਮੇਲ ਸਿੰਘ ਮੇਲੀ ਅਤੇ ਪਹਿਲਵਾਨ ਬੰਤ ਧਾਂਦਰਾ ਨੇ ਰੈਫਰੀ ਦੀ ਡਿਊਟੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ।

ਪੰਜਾਬ ਵਿਚ ਸਭ ਤੋਂ ਪੁਰਾਣਾ ਅਖਾੜਾ ਪੰਜਾਬ ਰੈਸਲਿੰਗ ਸੈਂਟਰ ਅਖਾੜਾ ਆਲਮਗੀਰ ਹੈ। ਇਸ ਅਖਾੜੇ ਦੀ ਖਾਸ ਗੱਲ ਇਹ ਹੈ ਕਿ ਇਸ ਅਖਾੜੇ ਵਿਚ ਪਹਿਲਵਾਨ ਫੱਤਾ, ਰੁਸਤਮ-ਏ-ਹਿੰਦ ਪਹਿਲਵਾਨ ਕੇਹਰ ਸਿੰਘ, ਪਹਿਲਵਾਨ ਸਮੇਰ, ਰੁਸਤਮ-ਏ-ਹਿੰਦ ਹਰਵਿੰਦਰ ਆਲਮਗੀਰ, ਪੰਮਾ ਪੰਜਾਬ ਕੇਸਰੀ, ਸਤੀਸ਼ ਪੰਜਾਬ ਕੇਸਤੀ, ਧਰਮਿੰਦਰ ਪੰਜਾਬ ਕੇਸਰੀ, ਪਹਿਲਵਾਨ ਅਮਰੀਕ ਰੌਣੀ, ਪਹਿਲਵਾਨ ਨਿੰਦਾ ਰੰਗੀ, ਪਹਿਲਵਾਨ ਕਰਮਾ, ਪਹਿਲਵਾਨ ਮੇਜਰ ਘੁਗਰਾਣਾ, ਪਹਿਲਵਾਨ ਸ਼ਰਨਜੀਤ, ਪਹਿਲਵਾਨ ਰਾਮ ਕ੍ਰਿਸ਼ਨ ਅਤੇ ਹੋਰ ਵੀ ਦਰਜਣਾਂ ਪਹਿਲਵਾਨਾਂ ਦਾ ਇਤਿਹਾਸ ਇਸ ਅਖਾੜੇ ਤੋਂ ਸ਼ੁਰੂ ਹੋਇਆ ਹੈ। ਅੰਤ ਵਿਚ ਕਲੱਬ ਦੇ ਪ੍ਰਧਾਨ ਸਾਬਕਾ ਸਰਪੰਚ ਮਲਕੀਤ ਸਿੰਘ (ਬਲਾਕ ਸੰਮਤੀ ਮੈਂਬਰ) ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਪਹਿਲਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਹ ਕੁਸ਼ਤੀ-ਦੰਗਲ ਸਮੇਂ ਸਿਰ ਆਪਣੀਆਂ ਵਿਲੱਖਣ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਲਈ ਪਹਿਲਵਾਨ ਸਿਕੰਦਰ ਸਿੰਘ ਆਲਮਗੀਰ ਅਤੇ ਕਲੱਬ ਦੇ ਪ੍ਰਧਾਨ ਸਾਬਕਾ ਸਰਪੰਚ ਮਲਕੀਤ ਸਿੰਘ (ਬਲਾਕ ਸੰਮਤੀ ਮੈਂਬਰ) ਵਧਾਈ ਦੇ ਪਾਤਰ ਹਨ।

ਵਿਸ਼ੇਸ਼ ਰਿਪੋਰਟ :- ਹਰਦੀਪ ਸਿੰਘ ਸਿਆਣ