Punjab Kushti / Wrestling
ਕੁਰਾਲੀ (ਮੁਹਾਲੀ) ਕੁਸ਼ਤੀ-ਦੰਗਲ 7 ਅਪ੍ਰੈਲ 2013 Balle Punjab

ਕੁਰਾਲੀ (ਮੁਹਾਲੀ) ਕੁਸ਼ਤੀ-ਦੰਗਲ ਤੇ ਕਮਲਜੀਤ ਡੂਮਛੇੜੀ ਅਤੇ ਸੋਨੂੰ ਦਿੱਲੀ (ਵੱਡਾ) ਬਣੇ ਬਰਾਬਰ ਦੇ ਹੱਕਦਾਰ


ਸ਼ਹਿਰ ਕੁਰਾਲੀ ਵਿਚ ਸਵਾਮੀ ਜੀ (ਨਦੀ ਪਾਰ ਵਾਲੇ) ਦੀ ਨਿੱਘੀ ਯਾਦ ਨੂੰ ਸਮਰਪਿਤ ਦੂਜਾ ਵਿਸ਼ਾਲ ਕੁਸ਼ਤੀ-ਦੰਗਲ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਮਹੰਤ ਧੰਨਰਾਜ ਗਿਰੀ ਜੀ ਡੇਰਾ ਗੋਸਾਂਈਆਣਾ ਦੀ ਸਰਪ੍ਰਸਤੀ ਹੇਠ ਸਮੂਹ ਦੰਗਲ ਕਮੇਟੀ, ਕੁਰਾਲੀ ਕੁਸ਼ਤੀ ਸ਼ੌਕੀਨ, ਸਮੂਹ ਸੰਗਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 7 ਅਪ੍ਰੈਲ 2013 ਨੂੰ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਵਿਚ ਨਾਡਾ, ਹਰਿਆਣਾ ਅਤੇ ਹੋਰ ਕਈ ਇਲਾਕਿਆਂ ਦਾ ਵੀ ਖਾਸ ਸਹਿਯੋਗ ਰਿਹਾ ਹੈ। ਸਪੈਸ਼ਲ ਕੁਸ਼ਤੀਆਂ ਵਿਚ ਅਜੇ ਚੰਡੀਗੜ੍ਹ ਨੇ ਕਾਕਾ ਢਿੱਲਵਾਂ ਨੂੰ, ਬੱਲਾ ਡੂਮਛੇੜੀ ਨੇ ਸੁਖਚੈਨ ਪਟਿਆਲਾ ਨੂੰ, ਪਵਨ ਬਰਾੜਾ ਨੇ ਬੱਗਾ ਜੜਲਾ ਨੂੰ, ਮਾਨੀ ਰੌਣੀ ਨੇ ਗੋਲਡੀ ਚਮਕੌਰ ਸਾਹਿਬ ਨੂੰ, ਜਤਿੰਦਰ ਪੱਥਰੇੜੀ ਜੱਟਾਂ ਨੇ ਬਲਜੀਤ ਪਟਿਆਲਾ ਨੂੰ, ਰਿੰਕਾ ਘੱਗਰਸਰਾਂ ਨੇ ਰਜਿੰਦਰਪਾਲ ਢਿੱਲਵਾਂ ਨੂੰ, ਪ੍ਰਗਟ ਪਾਹੜਾ ਨੇ ਸਾਭਾ ਘੱਗਰਸਰਾਂ ਨੂੰ, ਅੰਜੂ ਰੌਣੀ ਨੇ ਹੀਰਾ ਚਮਕੌਰ ਸਾਹਿਬ ਨੂੰ, ਸੰਮੀ ਡੂਮਛੇੜੀ ਨੇ ਜਗਤਾ ਚੰਡੀਗੜ੍ਹ ਨੂੰ ਚਿੱਤ ਕਰਕੇ ਕੁਸ਼ਤੀ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ। ਜੀਤ ਢਿੱਲਵਾਂ ਅਤੇ ਕਾਲਾ ਉੱਚਾ ਪਿੰਡ, ਲਾਲੀ ਆਲਮਗੀਰ ਅਤੇ ਅਮਰਜੀਤ ਉੱਚਾ ਪਿੰਡ, ਬਿੱਲਾ ਰੌਣੀ ਅਤੇ ਵਿੱਕੀ ਚੰਡੀਗੜ੍ਹ, ਰਿੰਪੀ ਰੌਣੀ ਅਤੇ ਮੋਨੂੰ ਘੱਗਰਸਰਾਂ, ਗੁਰਪੇਜ ਪਟਿਆਲਾ ਅਤੇ ਕਾਲਾ ਚਮਕੌਰ ਸਾਹਿਬ, ਸੰਦੀਪ ਮਾਣੇ ਮਾਜਰਾ ਅਤੇ ਲੱਖਾ ਮਟੌਰ, ਦੀਸ਼ਾ ਡੂਮਛੇੜੀ ਅਤੇ ਅੰਮਿਤ ਚੰਡੀਗੜ੍ਹ, ਬਿੱਲਾ ਪਟਿਆਲਾ ਅਤੇ ਬੱਗਾ ਮਾਲੇਰਕੋਟਲਾ, ਟੋਨੀ ਰੌਣੀ ਅਤੇ ਕਾਜਾ ਡੂਮਛੇੜੀ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਇਸ ਕੁਸ਼ਤੀ-ਦੰਗਲ ਵਿਚ ਨਵੀਂ ਆ ਰਹੀ ਪੰਜਾਬੀ ਫਿਲਮ “ਬਿੱਕਰ ਬਾਈ ਸੈਂਟੀਮੈਂਟਲ” ਦੇ ਹੀਰੋ “ਜੱਸੀ ਜਸਰਾਜ” ਅਤੇ ਪ੍ਰੋਡਿਊਸਰ “ਮੈਡਮ ਪ੍ਰਭਜੋਤ ਕੌਰ ਮਹੰਤ” ਵੀ ਵਿਸ਼ੇਸ਼ ਤੌਰ’ ਤੇ ਪੁੱਜੇ। ਜਿਹਨਾਂ ਦਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਵੱਡੀ ਝੰਡੀ ਤੋਂ ਪਹਿਲਾਂ ਪ੍ਰਸਿੱਧ ਕੁਮੈਂਟੇਟਰ ਕੁਲਵੀਰ ਰੰਗੀ ਕਾਇਨੌਰ ਨੂੰ ਰਵੀ ਕੁਰਾਲੀ, ਪਹਿਲਵਾਨ ਗੋਲੂ ਮੁੱਲਾਂਪੁਰ, ਪਾਲ ਬੱਦੀ, ਮੱਲ ਬੱਦੀ ਅਤੇ ਸਮੂਹ ਕਲੱਬ ਮੈਂਬਰਾਂ ਵੱਲੋਂ ਸੋਨੇ ਦੀ ਮੁੰਦਰੀ ਨਾਲ ਅਤੇ ਪਹਿਲਵਾਨ ਅਮਰੀਕ ਰੌਣੀ ਨੂੰ ਕੇਸੀ ਚੌਂਤਾ ਅਤੇ ਕਲੱਬ ਵੱਲੋਂ ਗੁਰਜ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਕੁਸ਼ਤੀ-ਦੰਗਲ ਦੇ ਸਹਿਯੋਗੀਆਂ, ਕੋਚਾਂ, ਰੈਫਰੀਆਂ ਅਤੇ ਪਹਿਲਵਾਨਾਂ ਨੂੰ ਵੀ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਵੱਡੀ ਝੰਡੀ ਦੀ ਕੁਸ਼ਤੀ ਬਾਬਾ ਪੂਰਨ ਦਾਸ ਕੁਸ਼ਤੀ ਅਖਾੜਾ ਬਹਿਰਾਮਪੁਰ ਦਾ ਪਹਿਲਵਾਨ ਕਮਲਜੀਤ ਡੂਮਛੇੜੀ ਅਤੇ ਚੰਦ ਰੂਪ ਅਖਾੜਾ ਦਿੱਲੀ ਦਾ ਪਹਿਲਵਾਨ ਸੋਨੂੰ ਦਿੱਲੀ (ਵੱਡਾ) ਵਿਚਕਾਰ ਸ਼ੁਰੂ ਕਰਵਾਈ ਗਈ। ਇਸ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ। ਦੋਨੋਂ ਹੀ ਪਹਿਲਵਾਨਾਂ ਨੇ ਆਪਣਾ-ਆਪਣਾ ਪੂਰਾ ਜ਼ੋਰ ਲਗਾਇਆ। ਪਰ ਇਹ ਕੁਸ਼ਤੀ ਦਰਸ਼ਕਾਂ ਦੀ ਸੋਚ ਦੇ ਉਲਟ ਹੋਈ ਅਤੇ ਇਹ ਕੁਸ਼ਤੀ ਬਰਾਬਰ ਹੀ ਰਹੀ। ਇਸ ਕੁਸ਼ਤੀ-ਦੰਗਲ ਦੀ ਕੁਮੈਂਟਰੀ ਕੁਲਵੀਰ ਰੰਗੀ ਕਾਇਨੌਰ, ਨਾਜਰ ਸਿੰਘ ਢਢੋਗਲ ਖੇੜੀ ਅਤੇ ਜਸਪਾਲ ਸ਼ਰਮਾ (ਸਮਰਾਲਾ) ਨੇ ਵਾਰੋ-ਵਾਰੀ ਕੀਤੀ। ਜਿੱਥੇ ਪਹਿਲਵਾਨ ਗੋਲੂ ਮੁੱਲਾਂਪੁਰ ਅਤੇ ਸੰਤ ਡੂਮਛੇੜੀ ਨੇ ਜੋੜੇ ਮਿਲਾਏ ਉੱਥੇ ਹੀ ਰਾਜੂ ਨਡਾਲਾ ਅਤੇ ਪਹਿਲਵਾਨ ਗੁਰਮੇਲ ਸਿੰਘ ਮੇਲੀ ਨੇ ਰੈਫਰੀ ਦੀ ਡਿਊਟੀ ਨਿਭਾਈ। ਛਿੰਝ ਕਮੇਟੀ ਦੇ ਪ੍ਰਧਾਨ ਰਵੀ ਕੁਰਾਲੀ, ਵਾਈਸ ਪ੍ਰਧਾਨ ਸੁੱਚਾ ਰਾਮ ਗਿੱਦੜਾਂਵਾਲੀ, ਚੇਅਰਮੈਨ ਪਾਲ ਬੱਦੀ, ਉੱਪ-ਚੇਅਰਮੈਨ ਮੱਲ ਬੱਦੀ, ਖਜ਼ਾਨਚੀ ਦਿਆਲ ਨਾਡਾ, ਉੱਪ-ਖਜ਼ਾਨਚੀ ਅਸ਼ੋਕ ਕੁਰਾਲੀ, ਪ੍ਰੈੱਸ ਸਕੱਤਰ ਬਿੱਲੂ ਟਿੱਬੀ ਅਤੇ ਬਿੰਦਾ ਧਨਾਸ, ਸੈਕਟਰੀ ਬਿੱਲਾ ਨਾਡਾ, ਸੈਕਟਰੀ ਸੰਜੂ ਨਾਡਾ, ਸੈਕਟਰੀ ਦਰਸ਼ਨ ਨਾਡਾ ਅਤੇ ਸੈਕਟਰੀ ਨਿੰਮਾ ਨਾਡਾ, ਬਲਜੀਤ ਪੰਚਕੁਲਾ, ਪਹਿਲਵਾਨ ਰਾਮ ਲਾਲ ਅਤੇ ਪਹਿਲਵਾਨ ਜੱਸਾ ਦੀ ਪ੍ਰਬੰਧਕੀ ਟੀਮ ਨੇ ਇਸ ਕੁਸ਼ਤੀ-ਦੰਗਲ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ। ਇਹ ਕੁਸ਼ਤੀ-ਦੰਗਲ ਆਪਣੀਆਂ ਵਿਲੱਖਣ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਲਈ ਸਾਰੀ ਹੀ ਪ੍ਰਬੰਧਕੀ ਕਮੇਟੀ ਵਧਾਈ ਦੀ ਪਾਤਰ ਹੈ।

ਵਿਸ਼ੇਸ਼ ਰਿਪੋਰਟ :- ਹਰਦੀਪ ਸਿੰਘ ਸਿਆਣ