Punjab Kushti / Wrestling
ਕਲੌਂਦੀ ਦਾ ਦੂਜਾ ਕੁਸ਼ਤੀ ਦੰਗਲ 30 ਅਪ੍ਰੈਲ 2013 Balle Punjab

ਕਲੌਂਦੀ (ਫਤਿਹਗੜ੍ਹ ਸਾਹਿਬ) ਦੇ ਦੂਜੇ ਕੁਸ਼ਤੀ-ਦੰਗਲ ’ਤੇ ਪਰਮਿੰਦਰ ਡੂਮਛੇੜੀ ਅਤੇ ਕਮਲਜੀਤ ਡੂਮਛੇੜੀ ਨੇ ਕਰਵਾਈ ਬੱਲੇ-ਬੱਲੇ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕਲੌਂਦੀ ਵਿਖੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਛਤਰ ਛਾਇਆ ਹੇਠ ਸੰਤ ਬਾਬਾ ਸ਼ੇਰ ਸਿੰਘ ਜੀ ਦੀ ਬਰਸੀ ਦੇ ਮੌਕੇ ’ਤੇ 30 ਅਪ੍ਰੈਲ, 2013 ਨੂੰ ਦੂਜਾ ਵਿਸ਼ਾਲ ਕੁਸ਼ਤੀ-ਦੰਗਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿਚ ਸੱਦੇ-ਪੱਤਰ ਵਾਲੇ ਹੀ ਪਹਿਲਵਾਨਾਂ ਦੇ ਭੇੜ ਕਰਵਾਏ ਗਏ। ਸ. ਪਰਮਜੀਤ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਪਹਿਲੀ ਕੁਸ਼ਤੀ ਲਿਆਕਤ ਅਲੀ ਅਤੇ ਪ੍ਰੀਤਾ ਸਰਹੰਦ ਦੇ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਪ੍ਰੀਤਾ ਸਰਹੰਦ ਨੇ ਜਿੱਤ ਲਈ। ਪ੍ਰਧਾਨ ਜਰਨੈਲ ਸਿੰਘ, ਖਜ਼ਾਨਚੀ ਹਰਜਿੰਦਰ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਹਰਿੰਦਰ ਸਿੰਘ, ਓਮ ਪ੍ਰਕਾਸ਼ ਸ਼ੁਕਲਾ, ਸਿਕੰਦਰ ਸਿੰਘ ਕਾਹਲੋਂ, ਹਰਿੰਦਰ ਕਾਹਲੋਂ, ਸੁਖਵਿੰਦਰ ਸਿੰਘ ਸੋਨੀ (ਕਲੌੜ), ਜੀਤੂ ਬਹੈੜ, ਕੁਲਤਾਰ ਸਿੰਘ ਡੂਮਛੇੜੀ ਅਤੇ ਪਾਲਾ ਡੂਮਛੇੜੀ ਦੀ ਦੇਖ-ਰੇਖ ਹੇਠ ਕਰਵਾਏ ਇਸ ਕੁਸ਼ਤੀ-ਦੰਗਲ ਦੀਆਂ ਹੋਰ ਕੁਸ਼ਤੀਆਂ ਵਿਚ ਗੌਰੀ ਕਾਇਨੌਰ, ਲੱਖੀ ਫਿਰੋਜ਼ਪੁਰ, ਚੰਦਨ ਖੇੜੀ, ਗਾਮਾ ਚਮਕੌਰ ਸਾਹਿਬ, ਸੰਦੀਪ ਮਨੇਲਾ, ਰਾਜਾ ਫਤਿਹਗੜ੍ਹ ਸਾਹਿਬ, ਮਨੀ ਫਤਿਹਗੜ੍ਹ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ। ਜੋਧਾ ਡੂਮਛੇੜੀ ਅਤੇ ਘੁੱਲਾ ਉੱਚਾ ਪਿੰਡ, ਸੰਤ ਉੱਚਾ ਪਿੰਡ ਅਤੇ ਸੁੱਖਾ ਵਜੀਦਪੁਰ, ਗੌਰੀ ਕਾਇਨੌਰ ਅਤੇ ਮੁਸ਼ਤਾਕ ਉੱਚਾ ਪਿੰਡ ਵਿਚਕਾਰ ਕੁਸ਼ਤੀਆਂ ਬਰਾਬਰ ਰਹੀਆਂ। ਸਪੈਸ਼ਲ ਕੁਸ਼ਤੀਆਂ ਵਿਚ ਪਹਿਲੀ ਕੁਸ਼ਤੀ ਪਹਿਲਵਾਨ ਰਾਜੂ ਡੇਰਾ ਬਾਬਾ ਨਾਨਕ ਦੇ ਚੇਲੇ ਰਛਪਾਲ ਮਝੈਲ ਨੇ ਜਗਦੇਵ ਢਿੱਲਵਾਂ ਦੇ ਪੁੱਤਰ ਰਜਿੰਦਰਪਾਲ ਢਿੱਲਵਾਂ ਨੂੰ, ਜੀਤ ਢਿੱਲਵਾਂ ਨੇ ਬਾਜਇੰਦਰ ਹੰਸਾਲੀ ਨੂੰ, ਕਾਜਾ ਡੂਮਛੇੜੀ ਨੇ ਅਨੂਪ ਸ਼ਰਮਾ ਨੂੰ, ਨਰਿੰਦਰ ਡੂਮਛੇੜੀ ਨੇ ਦਲਵੀਰ ਰਾਈਏਵਾਲ ਨੂੰ, ਹੀਰਾ ਚਮਕੌਰ ਸਾਹਿਬ ਨੇ ਪ੍ਰਦੀਪ ਪਟਿਆਲਾ ਨੂੰ ਚਿੱਤ ਕਰਕੇ ਕੁਸ਼ਤੀ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ। ਜਦਕਿ ਟੋਨੀ ਚਾਸਵਾਲ ਅਤੇ ਸੰਮੀ ਡੂਮਛੇੜੀ, ਜੱਸਾ ਕਾਇਨੌਰ ਅਤੇ ਕਾਕਾ ਡੂਮਛੇੜੀ, ਰਾਜੂ ਸ਼ਰਮਾ ਅਤੇ ਕਾਲਾ ਚਮਕੌਰ ਸਾਹਿਬ, ਹਰਦੀਪ ਚਮਕੌਰ ਸਾਹਿਬ ਅਤੇ ਰਾਜਾ ਕਾਇਨੌਰ, ਅਮਿਤ ਚੰਡੀਗੜ੍ਹ ਅਤੇ ਜਤਿੰਦਰ ਪੱਥਰੇੜੀ ਜੱਟਾਂ, ਕਾਲਾ ਉੱਚਾ ਪਿੰਡ ਅਤੇ ਅਮਨਦੀਪ ਮਾਣੇਮਾਜਰਾ, ਸੋਢੀ ਉਚਾ ਪਿੰਡ ਅਤੇ ਬੱਬਲੂ ਰਾਈਏਵਾਲ, ਦੀਸ਼ਾ ਡੂਮਛੇੜੀ ਅਤੇ ਬਜਿੰਦਰ ਪਟਿਆਲਾ ਵਿਚਕਾਰ ਸਪੈਸ਼ਲ ਕੁਸ਼ਤੀਆਂ ਬਰਾਬਰ ਰਹੀਆਂ। ਪਰਮਜੀਤ ਸਿੰਘ ਕਾਹਲੋਂ ਦੀ ਬਦੌਲਤ ਬਲਵੰਤ ਸਿੰਘ ਰਾਮੂਵਾਲੀਆ (ਸੀਨੀਅਰ ਮੀਤ-ਪ੍ਰਧਾਨ ਸ਼ੋਮਣੀ ਅਕਾਲੀ ਦਲ ਬਾਦਲ), ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾਂ, ਜਗਦੀਪ ਸਿੰਘ ਚੀਮਾਂ (ਐਮ.ਐਲ.ਏ. ਹਲਕਾ ਅਮਲੋਹ), ਸਾਬਕਾ ਐਮ.ਐਲ.ਏ. ਉਜਾਗਰ ਸਿੰਘ ਬਡਾਲੀ (ਜ਼ਿਲ੍ਹਾ ਪ੍ਰਧਾਨ ਮੁਹਾਲੀ), ਦੀਪਇੰਦਰ ਸਿੰਘ ਢਿੱਲੋਂ (ਚੇਅਰਮੈਨ ਪਲੈਨਿੰਗ ਬੋਰਡ ਜ਼ਿਲ੍ਹਾ ਪਟਿਆਲਾ) ਅਤੇ ਹੋਰ ਵੀ ਕਈ ਉੱਘੇ ਲੀਡਰਾਂ ਨੇ ਇਸ ਕੁਸ਼ਤੀ-ਦੰਗਲ ਵਿਚ ਸ਼ਿਰਕਤ ਕੀਤੀ। ਜਿਹਨਾਂ ਦਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਤਿੰਨ ਨੰਬਰ ਦੀ ਝੰਡੀ ਲਈ ਕੁਸ਼ਤੀ ਗੋਲਡੀ ਚਮਕੌਰ ਸਾਹਿਬ ਅਤੇ ਗੋਪੀ ਅਜਨਾਲਾ ਵਿਚਕਾਰ ਕਰਵਾਈ ਗਈ। ਇਸ ਕੁਸ਼ਤੀ ਨੂੰ ਗੋਲਡੀ ਚਮਕੌਰ ਸਾਹਿਬ ਨੇ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ। ਦੋ ਨੰਬਰ ਦੀ ਝੰਡੀ ਲਈ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਅੱਛਰਾ ਰਾਈਏਵਾਲ ਵਿਚਕਾਰ ਕਰਵਾਈ ਗਈ। ਇਹ ਕੁਸ਼ਤੀ ਨੌਵੇਂ ਮਿੰਟ ਵਿਚ ਹੀ ਕਮਲਜੀਤ ਡੂਮਛੇੜੀ ਨੇ ਜਿੱਤ ਲਈ ਅਤੇ ਦੋ ਨੰਬਰ ਦੀ ਝੰਡੀ ਦਾ ਹੱਕਦਾਰ ਬਣਿਆ। ਉਸ ਤੋਂ ਬਾਅਦ ਇੱਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਬਾਬਾ ਪੂਰਨਦਾਸ ਕੁਸ਼ਤੀ ਅਖਾੜਾ ਬਹਿਰਾਮਪੁਰ ਦਾ ਪਹਿਲਵਾਨ ਰੁਸਤਮ-ਏ-ਹਿੰਦ ਪਰਮਿੰਦਰ ਡੂਮਛੇੜੀ ਅਤੇ ਬਰਾੜ ਕੁਹਾਲੀ ਵਿਚਕਾਰ ਕਰਵਾਈ ਗਈ। ਹਰੇਕ ਝੰਡੀ ਵਾਲੀ ਕੁਸ਼ਤੀ ਦਾ ਸਮਾਂ ਵੀਹ ਮਿੰਟ ਰੱਖਿਆ ਗਿਆ ਸੀ। ਇਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਸ਼ਾਮ ਦੇ 7. 07 ਵਜੇ ‘ਤੇ ਨਗਰ ਪੰਚਾਇਤ, ਉੱਘੇ ਲੀਡਰਾਂ ਅਤੇ ਕਲੱਬ ਮੈਂਬਰਾਂ ਨੇ ਦੋਨੋਂ ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣ ਤੋਂ ਬਾਅਦ ਸ਼ੁਰੂ ਕਰਵਾਈ। ਇਹ ਕੁਸ਼ਤੀ ਅੱਠਵੇਂ ਮਿੰਟ ਵਿਚ ਹੀ ਪਰਮਿੰਦਰ ਡੂਮਛੇੜੀ ਨੇ ਜਿੱਤ ਲਈ ਅਤੇ ਕਲੌਂਦੀ ਦੇ ਇਸ ਦੂਜੇ ਕੁਸ਼ਤੀ ਕੁਸ਼ਤੀ-ਦੰਗਲ ਦੀ ਇਕ ਨੰਬਰ ਦੀ ਝੰਡੀ ਦਾ ਹੱਕਦਾਰ ਬਣਿਆ। ਇਸ ਕੁਸ਼ਤੀ-ਦੰਗਲ ਦੀ ਕੁਮੈਂਟਰੀ ਨਾਜਰ ਸਿੰਘ ਢਢੋਗਲ ਖੇੜੀ ਨੇ ਕੀਤੀ ਅਤੇ ਸਟੇਜ ਸੈਕਟਰੀ ਦੀ ਡਿਊਟੀ ਗੁਰਨਾਮ ਸਿੰਘ ਚੀਮਾਂ ਨੇ ਨਿਭਾਈ। ਜਿੱਥੇ ਦਰਸ਼ਨ ਵਜੀਦਪੁਰ, ਬੰਤ ਖਰੋੜੀ ਅਤੇ ਬੱਗਾ ਸਰਹੰਦ ਨੇ ਰੈਫਰੀ ਦੀ ਡਿਊਟੀ ਨਿਭਾਈ ਉੱਥੇ ਹੀ ਪਾਲਾ ਡੂਮਛੇੜੀ, ਗੋਲੂ ਮੁੱਲਾਂਪੁਰ, ਰਾਜੂ ਨਡਾਲਾ ਅਤੇ ਲਾਲਾ ਵਜੀਦਪੁਰ ਨੇ ਜੋੜੇ ਮਿਲਾਏ। ਅੰਤ ਵਿੱਚ ਕਲੱਬ ਦੇ ਮੈਂਬਰਾਂ ਨੇ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ, ਕੋਚਾਂ, ਰੈਫਰੀਆਂ ਅਤੇ ਪਹਿਲਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਹ ਕੁਸ਼ਤੀ-ਦੰਗਲ ਸਮਂੇ ਸਿਰ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਲਈ ਪਰਮਜੀਤ ਸਿੰਘ ਕਾਹਲੋਂ, ਕੁਲਤਾਰ ਡੂਮਛੇੜੀ, ਪਾਲਾ ਡੂਮਛੇੜੀ, ਸਾਰੀ ਪ੍ਰਬੰਧਕੀ ਕਮੇਟੀ, ਨਗਰ ਪੰਚਾਇਤ ਅਤੇ ਨਗਰ ਨਿਵਾਸੀ ਵਧਾਈ ਦੇ ਪਾਤਰ ਹਨ।

ਵਿਸ਼ੇਸ਼ ਰਿਪੋਰਟ :- ਹਰਦੀਪ ਸਿੰਘ ਸਿਆਣ